

ਸੂਰੀਆਂ ਦਾ ਰਵਾ ਓਇ।
ਦਾਦਕੀਆਂ ਨੂੰ ਨਾਨਕੀਆਂ ਨੇ ਐਨਾ ਜਿੱਚ ਕੀਤਾ ਹੁੰਦਾ ਸੀ ਕਿ ਉਹ ਵੀ ਫੇਰ ਇੱਟ ਦਾ ਜਵਾਬ ਪੱਥਰ ਨਾਲ ਦਿੰਦੀਆਂ ਕਹਿੰਦੀਆਂ ਸਨ-
ਛੱਜ ਓਹਲੇ ਛਾਨਣੀ,
ਪਰਾਤ ਓਹਲੇ ਗੁੱਛੀਆਂ,
ਨਾਨਕਿਆਂ ਦਾ ਮੇਲ ਆਇਆ,
ਸੱਭੇ ਰੰਨਾਂ ਲੁੱਚੀਆਂ।
ਵਿਆਹਾਂ ਵਿਚ ਇਹ ਮਿੱਠੀ ਮਿੱਠੀ, ਥੋੜ੍ਹੀ ਕਰਾਰੀ ਕਰਾਰੀ ਨੋਕ ਝੋਕ ਨਾਨਕੀਆਂ ਤੇ ਦਾਦਕੀਆਂ ਵਿਚ ਚਲਦੀ ਰਹਿੰਦੀ ਸੀ। ਜਾਗੋ ਕੱਢਣ ਤੋਂ ਬਾਅਦ ਨਾਨਕੀਆਂ ਛੱਜ ਕੁੱਟਦੀਆਂ ਸਨ। ਘੁੰਗਰੂਆਂ ਵਾਲੇ ਡੰਡੇ ਨਾਲ ਨਾਲੇ ਛੱਜ ਕੁੱਟੀ ਜਾਂਦੀਆਂ ਸਨ ਨਾਲੇ ਗੀਤ ਗਾਈ ਜਾਂਦੀਆਂ ਸਨ-
ਤੋੜ ਦਿਓ ਨੀ,
ਇਸ ਭਾਗਾਂ ਵਾਲੇ ਛੱਜ ਨੂੰ ਤੋੜ ਦਿਓ।
ਛੱਜ ਨੂੰ ਕੁੱਟ ਕੁੱਟ ਕੇ ਤੀਲਾ ਤੀਲਾ ਕਰ ਦਿੰਦੀਆਂ ਸਨ। ਇਹ ਤਾਂ ਹੋਇਆ ਛੱਜ ਬਾਰੇ।
ਹੁਣ ਛਜਲੀ ਦੀ ਗੱਲ ਕਰਦੇ ਹਾਂ। ਛਜਲੀ ਦਾ ਨਾਂ ਸੁਣ ਕੇ ਤਾਂ ਲਗਦਾ ਹੈ ਕਿ ਛਜਲੀ ਛੱਜ ਨਾਲੋਂ ਛੋਟੀ ਹੋਣੀ ਚਾਹੀਦੀ ਹੈ, ਪਰ ਹੁੰਦੀ ਛੱਜ ਨਾਲੋਂ ਵੱਡੀ ਹੈ। ਛੱਜ ਨਾਲੋਂ ਦੁੱਗਣੀ ਦੇ ਲੱਗਭੱਗ। ਤੰਗਲੀ ਨਾਲ ਜਦ ਗਾਹੀ ਹੋਈ ਫ਼ਸਲ ਦੀਆਂ ਧੜਾਂ ਨੂੰ ਉਡਾ ਕੇ ਤੂੜੀ ਵੱਖ ਤੇ ਦਾਣੇ ਵੱਖ ਕਰ ਦਿੱਤੇ ਜਾਂਦੇ ਸਨ ਤਾਂ ਉਨ੍ਹਾਂ ਦਾਣਿਆਂ ਵਿਚ ਮੋਟੀਆਂ ਘੁੰਡੀਆਂ ਰਹਿ ਜਾਂਦੀਆਂ ਸਨ। ਇਨ੍ਹਾਂ ਘੁੰਡੀਆਂ ਰਹੇ ਦਾਣਿਆਂ ਨੂੰ ਸੈਂਡ ਕਿਹਾ ਜਾਂਦਾ ਸੀ। ਸੈਂਡ ਨੂੰ ਫੇਰ ਬਲਦਾਂ ਦੇ ਖੁਰਾਂ ਨਾਲ ਗਾਹਿਆ ਜਾਂਦਾ ਸੀ। ਗਾਹੁਣ ਤੋਂ ਬਾਅਦ ਸੈਂਡ ਨੂੰ ਛਜਲੀਆਂ ਵਿਚ ਭਰ ਕੇ ਉਡਾ ਕੇ ਬੋਹਲ ਬਣਾਏ ਜਾਂਦੇ ਸਨ। ਏਸ ਤਰ੍ਹਾਂ ਛਜਲੀ ਬੋਹਲ ਬਣਾਉਣ ਦੇ ਕੰਮ ਆਉਂਦੀ ਸੀ।
ਹੁਣ ਮੈਂ ਤੁਹਾਨੂੰ ਛੱਜ ਤੇ ਛਜਲੀ ਕਿਵੇਂ ਬਣਦੇ ਸਨ, ਉਹ ਦੱਸਣ ਜਾ ਰਿਹਾ ਹਾਂ। ਛੱਜ ਬਣਾਉਣ ਲਈ ਸਲਵਾੜ ਦੇ ਕਾਨਿਆਂ ਦੀਆਂ ਤੀਲਾਂ, ਜਿਸ ਵਿਚ ਬੰਬੂ ਨਿਕਲੇ ਹੁੰਦੇ ਹਨ, ਕਾਨਿਆਂ ਨਾਲੋਂ ਤੋੜੀਆਂ ਜਾਂਦੀਆਂ ਹਨ। ਇਨ੍ਹਾਂ ਤੀਲਾਂ ਨੂੰ ਧਰਤੀ ਤੇ ਦੋ ਤੋਂ ਢਾਈ ਫੁੱਟ ਲੰਮੀ, ਦੋ ਕੁ ਫੁੱਟ ਚੌੜੀ ਸਿਰਕੀ ਬਣਾ ਕੇ ਇਕ ਦੂਜੀ ਨਾਲ ਪੱਠੇ ਦੀ ਵਰਤੋਂ ਕਰਕੇ ਗੁੰਦਿਆ ਜਾਂਦਾ ਹੈ, ਨਗੰਦਿਆ ਜਾਂਦਾ ਹੈ। ਪੱਠਾ ਕੀ ਹੁੰਦਾ ਹੈ? ਇਸ ਨੂੰ ਤੁਸੀਂ ਨਹੀਂ ਸਮਝੋਗੇ? ਮੁਰਦੇ ਗੋਕੇ (ਗਾਂ, ਬਲਦ, ਵੱਛੀ, ਵਹਿੜਕੇ ਨੂੰ ਗੋਕਾ ਕਹਿੰਦੇ ਹਨ) ਦੀ ਪਿੱਠ ਦੇ ਦੋਵੇਂ ਪਾਸਿਆਂ ਤੋਂ ਲੰਮੀਆਂ ਨਾੜਾਂ ਕੱਢੀਆਂ