"ਕਥਨਾ ਕਰੜਾ ਸਾਰੁ"
(ਛੇਵਾਂ ਐਡੀਸ਼ਨ ਛਪ ਆਉਣ 'ਤੇ)
ਗੁਰੂ ਨਾਨਕ ਦੇਵ ਜੀ ਦੀ ਬਾਣੀ ਬਾਰੇ ਮਨੌਤ ਹੈ ਕਿ ਪੜ੍ਹਦਿਆਂ-ਪੜ੍ਹਦਿਆਂ ਅਨੰਦ ਅਥਾਹ ਆਉਂਦਾ ਹੈ। ਸਮਝ ਵੀ ਪੈਂਦੀ ਹੈ ਅਤੇ ਇੰਝ ਮਹਿਸੂਸ ਹੁੰਦਾ ਹੈ ਕਿ ਅਰਥ ਭਾਵ ਸਮਝ ਆ ਗਏ ਹਨ, ਪਰ ਜਦ ਫਿਰ ਪੜ੍ਹੋ ਤਾਂ ਇੰਝ ਲਗਦਾ ਹੈ ਕਿ ਅਰਥ ਤਾਂ ਬਹੁਤ ਡੂੰਘੇ ਹਨ। ਅਸੀਂ ਸਤਹ 'ਤੇ ਹੀ ਫਿਰਦੇ ਰਹੇ। ਇਹ ਹੀ ਕਾਰਨ ਹੈ ਕਿ ਅਨੇਕਾਂ ਟੀਕੇ ਹੋ ਜਾਣ ਉਪਰੰਤ ਵੀ ਅਜੇ ਤੱਕ ਜਪੁਜੀ ਦਾ ਭਾਵ ਸਮਝ ਗੋਚਰੇ ਨਹੀਂ ਹੋਇਆ।
ਕੁਝ ਐਸਾ ਹੀ ਹੁੰਦਾ ਹੈ, ਗੁਰੂ ਨਾਨਕ ਦੇਵ ਜੀ ਦੀ ਜੀਵਨੀ ਪੜ੍ਹਦਿਆਂ, ਸੁਣਦਿਆਂ. ਲਿਖਦਿਆਂ। ਉਨ੍ਹਾਂ ਬਾਰੇ ਆਖਰੀ ਗੱਲ ਤਾਂ ਕਿਤੇ ਰਹੀ। ਨਿਸ਼ਚੇ ਨਾਲ ਵੀ ਕਹਿਣਾ ਬੜਾ ਕਠਿਨ ਹੈ। 'ਕਥਨਾ ਕਰੜਾ ਸਾਰੁ' ਵਾਲੀ ਅਵਸਥਾ ਹੁੰਦੀ ਹੈ।
'ਬਲਿਓ ਚਿਰਾਗ' ਦੇ ਪੰਜ ਐਡੀਸ਼ਨ ਪਿਛਲੇ ਦੇ ਦਹਾਕਿਆਂ ਵਿਚ ਛਪੇ ਹਨ । ਹਰ ਵਾਰੀ ਨਵੇਂ ਐਡੀਸ਼ਨ ਨੂੰ ਸੋਧਿਆ ਪਰ ਜਦ ਛੇਵਾਂ ਐਡੀਸ਼ਨ ਛਾਪਣ ਲਈ ਦੇਣ ਹਿਤ ਫਿਰ ਪੜ੍ਹਿਆ ਤਾਂ ਇੰਝ ਲੱਗੇ ਅਜੇ ਤਾਂ ਬਹੁਤ ਕੁਝ ਕਹਿਣ ਖੁਣੋ ਰਹਿ ਗਿਆ ਹੈ। ਸੱਚੀ ਗੱਲ ਤਾਂ ਇਹ ਹੈ ਕਿ ਸਾਰੇ ਅਧਿਆਇ ਹੀ ਸੋਧਣੇ ਪਏ। 'ਤਲਵੰਡੀ ਵਿਖੇ ੩੨ ਸਾਲ' ਦਾ ਅਧਿਆਇ ਹੀ ਤੱਕ! ਜਦ ਮੂਲ ਸੋਮੇ ਫਿਰ ਪੜ੍ਹੇ ਤਾਂ ਇੰਝ ਪਿਆ ਲੱਗੇ ਕਿ ਗੁਰੂ ਪਾਤਸ਼ਾਹ ਦਾ ਹਰ ਕਰਮ ਹੀ ਕੋਤਕ ਹੈ। ਗੁਰੂ ਬਾਬੇ ਤੇ ਬਾਬਰ ਦੀ ਮਿਲਣੀ ਦੇ ਕਿਤਨੇ ਹੀ ਤੱਥ ਹੋਰ ਮਿਲੇ ਹਨ। ਬਾਬਰ ਨੇ ਜਦ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਦੀ ਖ਼ਾਹਿਸ਼ ਪ੍ਰਗਟ ਕੀਤੀ ਅਤੇ ਨਾਲ ਹੀ ਦੌਲਤ ਖ਼ਾਨ ਨੂੰ ਕਿਹਾ ਕਿ ਉਨ੍ਹਾਂ ਨੂੰ ਮਿਲਣ ਜਾਣਾ ਹੈ, ਭੇਂਟ ਕੀ ਕਰਾ ਤਾਂ ਕਿਯਾ ਖੂਬ ਨਵਾਬ ਦੌਲਤ ਖਾਨ ਨੇ ਕਿਹਾ ਸੀ ਬਾਬਰ ਨੂੰ ਕਿ ਤੇਰੇ ਪਾਸ ਦੇਣ ਜੰਗ ਹੈ ਕੀ? ਮੀਰੀ ਪੀਰੀ ਦਾ ਮਾਲਕ ਹੈ ਗੁਰੂ ਨਾਨਕ ਦੇਵ। ਨੇੜੇ ਜਾ ਕੇ ਤੈਨੂੰ ਆਪੇ ਦਿੱਸ ਆਏਗਾ
ਮੀਰੀ ਪੀਰੀ ਇਨ ਦੋਨੇ ਪਾਹਿ।
ਦੇਖੋਗੇ ਤੁਮ ਨੇੜੇ ਜਾਹਿ। (ਪ੍ਰਾਚੀਨ ਪੰਥ ਪ੍ਰਕਾਸ਼)
ਤਿੰਨੇ ਹੀ ਉਦਾਸੀਆਂ ਨਵੇਂ ਸਿਰਿਉਂ ਲਿਖੀਆਂ ਹਨ। ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਵੱਡੀ ਦੇਣ ਇਹ ਹੈ ਕਿ ਉਨ੍ਹਾਂ ਸਾਨੂੰ ਸ਼ਬਦ ਦੇ ਲੜ ਲਗਾਇਆ। ਅੱਖਰ ਰਾਹੀਂ ਵੱਖਰ ਪ੍ਰਾਪਤ ਕਰਨ ਦੀ ਜਾਚ ਸਿਖਲਾਈ। ਹਜੂਰੀ ਕਵੀ 'ਕੰਕਨ' ਨੇ ਦਸ ਗੁਰੂ ਗਾਥਾ ਵਿਚ ਇਸ ਲਈ ਉਪਮਾ ਕਰਦੇ ਕਿਹਾ ਸੀ।
ਧੰਨ ਧੰਨ ਨਾਨਕ ਗੁਰ ਕੀਤਾ ਪਰਉਪਕਾਰ ।
ਅਛਰ ਦਾ ਪੁਲ ਬਾਧਿਕੈ, ਸ੍ਰਿਸ਼ਟਿ ਉਤਾਰੀ ਪਾਰ।
ਟਾਈਟਲ ਵੀ ਨਵਾਂ ਬਣਾਇਆ ਹੈ ਤਾਂ ਕਿ ਹਰ ਪੱਖ ਹੀ ਇਹ ਐਡੀਸ਼ਨ ਸੱਜਰਾ ਲੱਗੇ।
ਪਿਛਲੇ ਦੇ ਸਾਲਾਂ ਤੋਂ 'ਰੋਜ਼ਾਨਾ ਅਜੀਤ' ਵਿਖੇ ਹਰ ਸ਼ੁੱਕਰਵਾਰ ਲਗਾਤਾਰ ਇਕ ਕਾਲਮ 'ਇੱਕੜ-ਦੁੱਕੜ' ਲਿਖ ਰਿਹਾ ਹਾਂ। ਕਾਲਮ ਇਤਨਾ ਪੜ੍ਹਿਆ ਗਿਆ ਕਿ ਜੇ ਕਦੇ ਛਪਣ ਖੁਣੇ ਰਹਿ ਜਾਵੇ ਤਾਂ ਉਸੇ ਵੇਲੇ ਚਿੱਠੀ ਆ ਜਾਂਦੀ ਹੈ। ਪਾਠਕ ਵਾਰ-ਵਾਰ ਲਿਖ ਰਹੇ ਹਨ ਕਿ ਲੇਖਾਂ