ਸਲੋਕ ਗੁਰੂ ਮਹਾਰਾਜ ਦੀ ਬਾਣੀ ਦੇ ਅਖ਼ੀਰ ਦਰਜ ਕੀਤੇ । ਕਈ ਅਜਬ ਗੱਲ ਨਹੀਂ ਕਿ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਹੋਰ ਸੱਜਣਾਂ ਨੇ, ਜਿਨ੍ਹਾਂ ਪਾਸ 'ਬੀੜ' ਦੇ ਉਤਾਰੇ ਸਨ, 'ਵਾਰ' ਤੋਂ ਅਗਾਂਹ ਬਾਕੀ ਦੇ ਪੱਤਰੇ ਕਦੇ ਫੇਲ ਕੇ ਹੀ ਨਾ ਵੇਖੇ ਹੋਣ, ਤੇ ਇਸੇ ਵਾਸਤੇ ਇਹ ਮਿਲਾਵਟ ਲੁਕੀ ਰਹੀ।
ਨਵੀਆਂ ਉਲਝਣਾਂ-
ਪਰ ਇਤਨਾ ਕੁਝ ਮੰਨ ਲਿਆਂ ਭੀ ਸਾਡੇ ਵੀਰ ਦੀ ਸਾਖੀ ਸਿਰੇ ਨਹੀਂ ਚੜ੍ਹ ਸਕਦੀ । ਕਈ ਉਲਝਣਾਂ ਪੈ ਗਈਆਂ ਹਨ । ਆਓ, ਇਕ ਇਕ ਕਰ ਕੇ ਵੇਖੀਏ ।
ਸਾਖੀ-ਕਾਰ ਸੱਜਣ ਜੀ ਲਿਖਦੇ ਹਨ-"ਇਤਿਹਾਸ ਦੇ ਜਾਣੂ ਚੰਗੀ ਤਰ੍ਹਾਂ ਜਾਣਦੇ ਹਨ ਕਿ ਭਾਈ ਗੁਰਦਾਸ ਜੀ ਦੇ ਕਾਂਸ਼ੀ ਆਉਣ ਤੋਂ ਪਹਿਲਾਂ ਭਗਤ-ਰਚਨਾ ਪੰਜਾਬ ਅੰਦਰ ਆ ਗਈ, ਤੀਜੇ ਪਾਤਿਸ਼ਾਹ ਦੇ ਨੋਟ ਸਾਫ਼ ਜ਼ਾਹਰ ਕਰਦੇ ਹਨ ਕਿ ਭਗਤ-ਰਚਨਾ ਉਤੇ ਤੀਜੇ ਗੁਰੂ ਜੀ ਨੇ ਟੀਕਾ-ਟਿੱਪਣੀ ਕਰ ਕੇ ਨਂਟ ਦਿੱਤੇ ।.... ਇਹ ਨੋਟ ਭੀ ਮ: ੩ ਦੇ ਸਿਰਲੇਖ ਹੇਠਾਂ ਮਿਲਦੇ ਹਨ ।" ਫ਼ਰੀਦ ਜੀ ਦੇ ਸਲੋਕਾ ਦਾ ਜ਼ਿਕਰ ਕਰਦਿਆਂ ਇਹ ਵੀਰ ਲਿਖਦਾ ਹੈ-"ਮੌਜੂਦਾ ਬੀੜ ਵਿਚ ਆਪ ਜੀ ਦੇ ਚਾਰ ਸ਼ਬਦ ਅਤੇ ੧੩੦ ਸਲੋਕ ਹਨ । ਕਈਆਂ ਸਲੋਕਾਂ ਪਰ ਤੀਜੇ ਅਤੇ ਪੰਜਵੇਂ ਗੁਰੂ ਜੀ ਵਲ ਨੋਟ ਭੀ ਦਿੱਤੇ ਗਏ ਹਨ।"
ਅਤੇ, "ਕਈ ਥਾਂ ਗੁਰੂ ਸਾਹਿਬਾਨ ਵਲੋਂ ਨੋਟ ਹੋਏ ਹਨ, ਜਿਸ ਤੋਂ ਸਾਬਤ ਹੁੰਦਾ ਹੈ ਕਿ ਗੁਰੂ ਸਾਹਿਬਾਨ ਨੇ ਭਗਤਾਂ ਦਾ ਸਿੱਧਾਂਤ ਕਮਜ਼ੋਰ ਤੇ ਉਣਾ ਸਮਝਿਆ ਹੈ ।"
ਲਉ, ਹੁਣ ਇਸ ਉਪਰਲੀ ਲਿਖਤ ਨੂੰ ਕਸਵੱਟੀ ਤੇ ਪਰਖ ਵੇਖੀਏ । ਸਤਿਗੁਰੂ ਜੀ ਦੇ ਜਿਨ੍ਹਾਂ ਸਲੋਕਾਂ ਬਾਰੇ ਸਾਡਾ ਵੀਰ ਜ਼ਿਕਰ ਕਰਦਾ ਹੈ; ਉਹ ਤਿੰਨ ਕਿਸਮ ਦੇ ਸਨ-ਇਕ ਉਹ ਜਿਨ੍ਹਾਂ ਵਿਚ ਲਫ਼ਜ਼ 'ਨਾਨਕ' ਆਉਂਦਾ ਹੈ, ਦੂਜੇ ਉਹ ਜਿਨ੍ਹਾਂ ਵਿਚ ਲਫ਼ਜ਼ 'ਫਰੀਦ' ਮਿਲਦਾ ਹੈ, ਤੇ,