

ਆਹ ! ਅੱਜ ਫੇਰ ਮਹਾਂ ਜਯੋਤੀ ਨੂੰ ਜਗਤ ਮਜ਼ਲੂਮ ਤੇ ਦਿਲਗੀਰੀ ਆਈ। ਉਸੇ ਗੁਰੂ ਨਾਨਕ ਦੀ ਦਸਮੀਂ ਜੋਤਿ ਨੇ ਡਿੱਠਾ ਕਿ ਅਗਿਆਨ ਤੇ ਰਾਜ ਕਸ਼ਟ ਤੋਂ ਵੱਧ ਹੁਣ ਪਰਜਾ ਪਰ 'ਧਰਮ ਦਾ ਧੱਕਾ' ਇਕ ਹੋਰ ਕਲੇਸ਼ ਵਧਕੇ ਪੈ ਰਿਹਾ ਹੈ, ਰਾਜ ਗਰਦੀ ਨਹੀਂ ਪਰ ਰਾਜ ਵਲੋਂ ਤ੍ਰੀਕੇ ਵਾਰ ਪਰਜਾ ਪਰ ਜ਼ੋਰ ਤੇ ਜ਼ੋਰ ਨਾਲ ਧਰਮ ਪ੍ਰਾਜੈ ਕਰਨ ਦਾ ਧੱਕਾ ਹੋ ਰਿਹਾ ਹੈ। ਇਸ ਜੋਤਿ ਨੇ ਦਿਲਗੀਰੀ ਖਾਧੀ ਕਿ ਪਰਜਾ ਦਾ ਕਲਿਆਨ ਕਿਵੇਂ ਹੋਵੇ। ਨਾਲੇ ਤਾਂ ਧਰਮੀ ਰਹਿਣ, ਨਾਲੇ ਸੁਤੰਤ੍ਰ ਹੋਣ; ਕੈਦ, ਬੰਦਸ਼, ਜ਼ੁਲਮ ਹੇਠ ਨਾ ਹੋਣ ! ਦਿਲਗੀਰੀ ਖਾਧੀ ਅੱਜ ਦਸਮੀ ਜੋਤਿ ਨੇ ਆਨੰਦ ਨਾਲ ਭਰੇ ਆਨੰਦਪੁਰ ਵਿਚੋਂ, ਕਿਲੇ, ਇਸਤ੍ਰੀ, ਪੁਤ੍ਰ, ਪਦਾਰਥ, ਐਸ਼੍ਵਰਜ, ਸੇਵਕ, ਪਿਆਰੇ ਤੇ ਮਿੱਤ੍ਰ ਛਡ ਕੇ ਬਨ ਵਿਚ, ਪਹਾੜ ਦੀ ਕੁੱਖ ਵਿਚ ਜਾ ਬੈਠਾ ਬੈਠਾ ਰਿਹਾ ਦਿਨ ਤੇ ਰਾਤ। ਹਾਥੀ, ਘੋੜੇ, ਪੀਨਸਾਂ ਵਿਹਲੇ ਖੜੇ ਹਨ, ਮਹਿਲ ਮਾੜੀਆਂ ਕਿਲ੍ਹੇ ਆਪ ਬਿਨਾਂ ਬੇਰੌਣਕ ਹਨ. ਦਰਸ਼ਨ ਪਿਆਸੇ ਆਉਂਦੇ ਤੇ ਮੁੜ ਮੁੜ ਜਾਂਦੇ ਹਨ। ਦਿੱਸਣ ਵਾਲੇ ਜਗਤ ਦਾ ਕੋਈ ਪਦਾਰਥ, ਕੋਈ ਹਰਖ, ਸੁਖ ਦਾ ਸਾਮਾਨ, ਕੋਈ ਮੋਹ ਪਿਆਰ ਦਾ ਮੁਹਾਰਾ ਖਿੱਚ ਨਹੀਂ ਰਿਹਾ, ਸਾਰਾ ਸਾਜ਼ ਬਾਜ਼ ਪਿਆ ਹੈ, ਪਰ ਆਪ ਏਕਾਂਤ ਬੈਠੇ ਦਿਨ ਰਾਤ ਇਸ ਦਿਲਗੀਰੀ ਵਿਚ ਹਨ ਕਿ "ਧਰਾ ਦਾ ਭਾਰ ਕਿਵੇਂ ਹਰਾਂ ?"
ਸਾਰੇ ਮੰਡਲ ਵਿਚ ਧੁੰਮ ਗਈ ਕਿ ਆਪ ਮਸਤ ਤੇ ਕਮਲੇ ਹੋ ਗਏ ਹਨ. ਪਰ ਆਹ ! ਦਾਨਿਆਂ ਦਾ ਸਿਰਤਾਜ ਜਗਤ ਜਲੰਦੇ ਦੀ ਕਸ਼ਟਣੀ ਹਰਨ ਵਾਲਾ ਦਿਲਗੀਰ ਹੈ।
ਅਵਤਾਰ ਹੈ, ਬ੍ਰਹਮ ਵੇਤਾ ਹੈ. ਉਸਨੂੰ ਦਿਲਗੀਰੀ ਕਾਸਦੀ ? ਕਾਹਦੀ ਦਿਲਗੀਰੀ ਜੀਉ ਜੀ! ਜਿਹੜਾ ਦਿਲਗੀਰ ਸ੍ਰਿਸ਼ਟੀ ਦੀ ਦਿਲਗੀਰੀ ਦਾ ਦਾਰੂ ਟੋਲ ਰਿਹਾ ਹੈ, ਓਹ ਦਿਲਗੀਰ ਜਗਤ ਕੇ ਦਿਲਗੀਰ ਧਿਆਨ ਵਿਚ ਵੱਸ ਰਿਹਾ ਹੈ, ਇਉਂ ਦਿਲਗੀਰੀ ਹੈ । ਯਾਰ੍ਹਵੇਂ ਮਹੀਨੇ ਬੈਠੇ ਬੈਠੇ ਅੱਖ ਲੱਗ ਗਈ, ਫੇਰ ਆਵਾਜ਼ ਆਈ।
ਮੈਂ ਅਪੁਨਾ ਸੁਤ ਤੋਹਿ ਨਿਵਾਜਾ॥
ਪੰਥ ਪ੍ਰਚੁਰ ਕਰਬੇ ਕਹੁ ਸਾਜਾ॥