ਮੇਰੀ ਵਿਆਕੁਲਤਾ ਵੇਖ ਕੇ ਸਵਾਮੀ ਜੀ ਨੇ ਗੱਲ ਮੰਨ ਲੀਤੀ। ਦੂਜੇ ਦਿਨ ਅਸੀਂ ਮੁਰਾਰੀ ਵਾਲੇ ਤੁਰ ਪਏ। ਛੋਟੀਆਂ ਛੋਟੀਆਂ ਗਲੀਆਂ ਲੰਘ ਕੇ ਸਵਾਮੀ ਰਾਮ ਦੇ ਦਰਵਾਜ਼ੇ ਅਗੇ ਪਹੁੰਚੇ ਜਿਸ ਦਾ ਥੜ੍ਹਾ ਕਾਫ਼ੀ ਉੱਚਾ ਸੀ। ਪਰਿਵਾਰ ਨੇ ਜਦ ਸੁਣਿਆ, ਹੁਮ ਹੁਮਾ ਕੇ ਬਾਹਰ ਆ ਗਿਆ। ਸਵਾਮੀ ਜੀ ਦੇ ਪਿਤਾ ਨੇ ਕੰਬਦਿਆਂ ਹੱਥਾਂ ਨਾਲ ਸਾਨੂੰ ਅਸ਼ੀਰਵਾਦ ਦਿਤੀ। ਪਤਨੀ ਨੂੰ ਮੈਂ ਗਲੇ ਲਾ ਕੇ ਬਹੁਤ ਰੋਈ। ਪਤਨੀ ਵੀ ਰੋਈ। ਜਦ ਅਸੀਂ ਅੰਦਰ ਗਏ, ਫਲ, ਮਠਿਆਈ ਤੇ ਕਪੜੇ ਜੇ ਅਸੀਂ ਨਾਲ ਲੈ ਆਏ ਸਾਂ, ਬੱਚਿਆਂ ਦੇ ਅਗੇ ਰੱਖੇ। ਬੱਚਿਆਂ ਦੇ ਮੁਖੜੇ ਐਸੇ ਖਿੜ ਆਏ, ਜਿਵੇਂ ਸੂਰਜ ਵੇਖ ਕੇ ਕੰਵਲ। ਫੇਰ ਅਸੀਂ ਉਹ ਗਲੀਆਂ ਵੇਖੀਆਂ, ਜਿਨ੍ਹਾਂ ਵਿਚ ਸਵਾਮੀ ਰਾਮ ਖੇਡਦੇ ਰਹੇ ਸਨ। ਉਹ ਸਕੂਲ ਵੇਖਿਆ, ਜਿਥੇ ਉਹ ਪੜ੍ਹਦੇ ਰਹੇ ਸਨ। ਪਰ ਮੇਰਾ ਮਨ ਵੰਸਾ ਹੀ ਦ੍ਰਵਿਆ ਰਿਹਾ ਜੈਸਾ ਸਵਾਮੀ ਜੀ ਤੋਂ ਸੁਣਿਆ ਸੀ।
ਮੇਰੇ ਪਾਠਕ ਮੇਰੇ ਉਪਰ ਇੰਨੇ ਮਿਹਰਬਾਨ ਹੋ ਗਏ ਹਨ ਕਿ ਵਧੀਆ ਕਿਤਾਬਾਂ ਦੀਆਂ ਸੁਗਾਤਾਂ ਭੇਜ ਰਹੇ ਹਨ। ਉਨ੍ਹਾਂ ਦਾ ਇਰਾਦਾ ਮੈਨੂੰ ਕੰਮ ਲਾਈ ਰੱਖਣਾ ਹੈ। ਇਨ੍ਹਾਂ ਚੁਸਤੀਆਂ ਤੋਂ ਮੈਂ ਵਾਕਫ ਹਾਂ।
ਕਿਤਾਬ ਕਿਵੇਂ ਪੜ੍ਹਨੀ ਹੈ, ਕਿਵੇਂ ਆਨੰਦਿਤ ਹੋਣਾ ਹੈ, ਕਿਤਾਬ ਦਾ ਜ਼ਿਕਰ ਕਰਦਿਆਂ ਕਿਵੇਂ ਆਨੰਦਿਤ ਕਰਨਾ ਹੈ, ਓਸ਼ੋ ਤੋਂ ਸਿਖਾਂਗੇ। ਸਿੱਖ ਕਥਾਕਾਰਾਂ ਨੇ ਓਸ਼ੋ ਦਾ ਅਸਰ ਕਬੂਲਿਆ ਹੈ। ਸ਼੍ਰੋਮਣੀ ਕਥਾਕਾਰ ਭਾਈ ਸੰਤ ਸਿੰਘ ਮਸਕੀਨ ਜਿਸ ਪ੍ਰਸੰਗ ਤੇ ਬੋਲਦੇ ਬਹੁਤ ਚੰਗੇ ਲੱਗਣ, ਸਮਝ ਜਾਣਾ ਉਥੇ ਓਸ਼ੋ ਦਾ ਅਸਰ ਹੈ।
ਓਸ਼ੋ ਕਿਸੇ ਧਰਮ ਦਾ ਨਹੀਂ, ਰੂਹਾਨੀਅਤ ਦਾ ਮੁਰੀਦ ਹੈ। ਧਰਮਾਂ ਦੀ ਜਿਹੜੀ ਸ਼ਕਲ ਸੂਰਤ ਅਸੀਂ ਦੇਖ ਰਹੇ ਹਾਂ, ਮੋਢੀਆਂ ਨੇ ਨਹੀਂ, ਅਨੁਯਾਈਆਂ ਨੇ ਬਣਾਈ ਹੈ। ਸਤਨਾਮ ਸਿੰਘ ਖੁਮਾਰ ਦਾ ਇਹ ਸ਼ਿਅਰ ਓਸ਼ੋ ਦੀ ਸ਼ਖਸੀਅਤ ਹੈ।
ਮਿਰੇ ਚੌਂਕਿ ਤਜੱਸੁਸ ਕੇ ਉਜਾਲੋ।
ਮੁਝੇ ਪੱਥਰ ਦੀ ਦੁਨੀਆਂ ਸੇ ਨਿਕਾਲੋ।
ਮੁਝੇ ਰਹਿਨੇ ਦੋ ਬਨਕੇ ਸਿਰਫ ਖੁਸ਼ਬੂ,
ਮੁਝੇ ਫੂਲੋਂ ਕੇ ਸਾਂਚੋਂ ਮੈਂ ਨ ਢਾਲੋ।
ਓਸ਼ੋ ਦੀ ਰੂਹਾਨੀਅਤ ਗੁਰੂ ਗੋਬਿੰਦ ਸਿੰਘ ਦੇ ਇਨ੍ਹਾਂ ਬਚਨਾਂ ਰਾਹੀਂ ਵੀ ਸਮਝੀ ਜਾ ਸਕਦੀ ਹੈ:
ਨਮਸਤੰ ਅਕਰਮੀਂ। ਨਮਸਤੰ ਅਧਰਮੰ। (5)
ਨਮਸਤੰ ਅਮਜਬੇ। ਨਮਸਤਸਤੁ ਅਜਬੇ। (17)
(ਜਿਸਦਾ ਕੋਈ ਧਰਮ, ਮਜ੍ਹਬ ਨਹੀਂ ਹੈ ਉਸ ਅਦਭੁਤ ਰੱਬ ਨੂੰ ਮੇਰਾ ਸਲਾਮ।)- ਜਾਪੁ ਸਾਹਿਬ।। ਗੁਰਬਾਣੀ ਬਾਦ ਹੋਰ ਕੀ ਲਿਖਣਾ?
ਹਰਪਾਲ ਸਿੰਘ ਪੰਨੂ
02-07-2018
ਜੋਕਿ ਤਜੱਸੂਸ- ਜਾਣਨ ਦੀ ਤੀਬਰ ਇੱਛਾ