ਕੁੱਝ ਨਾਵਲ ਬਾਰੇ
"ਕੰਨਿਆ ਭਰੂਣ ਹੱਤਿਆ' ਤੇ ਅਧਾਰਿਤ ਪਹਿਲੇ ਨਾਵਲ "ਧੀਆਂ- ਮਰਜਾਣੀਆਂ" ਨੂੰ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਣ ਉਪਰੰਤ ਦੂਸਰਾ ਪੰਜਾਬੀ ਨਾਵਲ "ਪਥਰਾਟ" ਆਪ ਦੀ ਨਜ਼ਰ ਕਰ ਰਿਹਾ ਹਾਂ।
"ਪਥਰਾਟ" (fossils) ਸਦੀਆਂ ਪਹਿਲਾਂ ਚੱਟਾਨ ਵਰਗੀ ਸਖ਼ਤ ਮਿੱਟੀ ਦੀਆਂ ਤੇਹਾ ਹੇਠ ਦੱਬ ਚੁੱਕੇ ਮਿਰਤ ਜੰਤੂ-ਪੌਦਿਆਂ ਦੇ ਅਵਸ਼ੇਸ਼ਾਂ ਦੇ ਨਿਸ਼ਾਨ ਹੁੰਦੇ ਹਨ, ਜੇ ਧਰਤੀ ਤੇ ਪ੍ਰਾਣੀਆਂ ਦੇ ਵਿਕਾਸ ਦੀ ਕੜੀ ਨੂੰ ਜੋੜਣ ਵਾਲੇ ਪੁਖ਼ਤਾ ਪ੍ਰਮਾਣ ਮੰਨੇ ਜਾਂਦੇ ਹਨ। ਧਰਤੀ ਤੋਂ ਅਲੋਪ ਹੋ ਚੁੱਕੇ "ਡਾਇਨਾਸੋਰ" ਵਰਗੇ ਵੱਡਅਕਾਰੀ ਅਤੇ ਭਾਰੀ ਭਰਕਮ ਜੀਵਾਂ ਦੀ ਪ੍ਰਜਾਤੀ ਦੀ ਖੋਜ ਵੀ ਉਨ੍ਹਾਂ ਦੇ "ਪਥਰਾਟਾਂ" ਤੋਂ ਹੀ ਸੰਭਵ ਹੋਈ ਹੈ। ਇਨ੍ਹਾਂ "ਪਥਰਾਟਾਂ" ਤੋਂ ਹੀ ਰਣਾ ਲੈ ਕੇ "ਜੁਰਾਸਕ ਪਾਰਕ" ਵਰਗੀ ਵਿਸ਼ਵ ਪ੍ਰਸਿੱਧ ਫਿਲਮ ਵਿਚ, ਦੁਨੀਆਂ ਨੂੰ "ਡਾਇਨਾਸੋਰ" ਦਾ ਕਲਪਿਤ ਰੂਪ ਨਜ਼ਰ ਆਇਆ ਸੀ।
ਇੰਜ ਹੀ ਮਨੁੱਖੀ ਸਭਿਆਚਾਰ ਤੇ ਸੰਸਕ੍ਰਿਤੀ ਦੇ ਵਿਕਾਸ ਨੂੰ ਜੋੜਣ ਵਾਲੇ ਵੀ ਕਈ ਪਾਤਰ ਹੁੰਦੇ ਹਨ, ਜਿਨ੍ਹਾਂ ਦਾ ਵਿਲੱਖਣ ਕਿਰਦਾਰ, ਆਚਾਰ ਤੇ ਵਿਹਾਰ ਸਮੇਂ ਦੀ ਗਰਦ ਦੀ ਮੋਟੀ ਤੇਹ ਹੇਠ ਦੱਬਿਆ ਜਾਂਦਾ ਹੈ, ਪਰ ਉਨ੍ਹਾਂ ਦੇ ਅਵਸ਼ੇਸ਼ "ਪਥਰਾਟ" ਰੂਪ ਵਿਚ, ਸਿਮਰਿਤੀਆਂ ਦੀ ਮਿੱਟੀ ਤੇ ਸ਼ਿਲਾਲੇਖ ਵਾਂਗ ਉਕਰੇ ਜਾਂਦੇ ਹਨ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸਭਿਆਚਾਰਕ ਤੇ ਸਾਂਸਕ੍ਰਿਤਕ ਵਿਕਾਸ ਦੀ ਕੜੀ ਵੀ ਬਣ ਜਾਂਦੇ ਹਨ ਅਤੇ ਰਾਹ ਦਸੇਰੇ ਦੀ।
ਪੰਜਾਬ ਅਤੇ ਹਿਮਾਚਲ ਦੇ ਬਾਰਡਰ 'ਤੇ ਫੈਲੀਆਂ ਵੱਲਦਾਰ ਸ਼ਿਵਾਲਿਕ ਪਹਾੜੀਆਂ ਦੀ ਹਰੀ-ਭਰੀ ਗੋਦ ਅਤੇ ਪੱਥਰਾਂ ਦੇ ਸੁੱਕੇ ਦਰਿਆਵਾਂ ਵਿਚਾਲੇ ਵਸਿਆ ਇਲਾਕਾ "ਕੰਢੀ ਖੇਤਰ" ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਥੋਂ ਦੀ ਸੰਸਕ੍ਰਿਤੀ ਤੇ ਸਭਿਆਚਾਰ ਪੂਰੀ ਤਰ੍ਹਾਂ ਨਿਵੇਕਲਾ ਅਤੇ ਵਿਲੱਖਣ ਹੈ। ਇਥੋਂ ਦੇ ਸਧਾਰਣ ਜਿਹੇ ਲੱਗਣ ਵਾਲੇ ਲੋਕ, ਅਸਾਧਾਰਣ ਵਿਅਕਤੀਤਵ ਦੇ ਮਾਲਿਕ, ਸਦੀਆਂ ਤੋਂ ਕੁਦਰਤੀ ਆਫਤਾਂ ਤੇ ਆਰਥਕ ਮੰਦਹਾਲੀ ਦੇ ਸ਼ਿਕਾਰ ਰਹੇ। ਅਨਪੜ੍ਹਤਾ, ਅੰਧਵਿਸ਼ਵਾਸ ਤੇ ਗਰੀਬੀ ਆਦਿ ਤੋਂ ਉਪਜੀਆਂ ਸਮੱਸਿਆਵਾਂ ਦੇ ਸ਼ਿਕੰਜੇ ਵਿਚ ਜਕੜੇ ਹੋ ਕੇ ਵੀ ਇਹ ਪਹਾੜੀ ਲੋਕ ਆਪਣੇ ਮਜ਼ਬੂਤ ਮੋਢਿਆਂ ਤੇ ਪੀੜਾਂ ਦਾ ਪਹਾੜ ਚੁੱਕ ਕੇ ਆਪਣੇ ਅਸਤੀਤਵ ਲਈ ਸੰਘਰਸ਼ ਕਰਦੇ ਰਹੇ। ਨਿਰਾਸ਼ਾ ਤੇ ਆਸ਼ਾ ਨਾਲ ਇਨ੍ਹਾਂ ਦਾ ਧੁੱਪ-ਛਾਂ ਵਰਗਾ ਸਾਥ ਰਿਹਾ।
ਇਸ ਨਾਵਲ ਰਾਹੀਂ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ, ਹੋਸਦੇ-ਗਾਉਂਦੇ ਪਲਾਂ, ਮਾਨਸਿਕ ਉਲਝਣਾਂ ਤੇ ਪਰੰਪਰਾਵਾਂ ਆਦਿ ਦੀ ਉਸੇ ਹੀ ਵਾਤਾਵਰਣ ਅਤੇ ਉਨ੍ਹਾਂ ਦੀ ਹੀ ਆਂਚਲਿਕ ਪਹਾੜੀ ਬੋਲੀ ਵਿਚ ਇਕ ਝਲਕ ਮਾਤਰ ਵਿਖਾਲਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਨੂੰ ਉੱਥੋਂ ਦੀ ਅਜੋਕੀ ਪੀੜ੍ਹੀ ਭੌਤਿਕ ਵਿਕਾਸ ਦੀ ਹਨੇਰੀ ਵਿਚ ਲਗਭਗ ਭੁੱਲ ਹੀ ਗਈ ਹੈ। ਸਿਆਸੀ ਗੇੜ