ਸਤਿਨਾਮ ਦਾ ਮੰਤਰ ਪੜ੍ਹਿਆ ਤੇ ਪਾਣੀ ਦਾ ਛਿੱਟਾ ਮਾਰਿਆ ਤੇ ਬੱਕਰਾ ਉਸੇ ਵੇਲੇ ਜ਼ਿੰਦਾ ਹੋ ਗਿਆ ! ਪਰ ਉਹਦੀਆਂ ਲੱਤਾਂ ਤਿੰਨ ਸਨ । ਹਜੂਰ ਦੇ ਪੇਸ਼ ਹੋਇਆ ਉਹ ਬੱਕਰਾ । ਜਦ ਤੁਸਾਂ ਪੁੱਛਿਆ ਕਿ ਚੌਥੀ ਲੱਤ ਕਿੱਥੇ ਹੈ ਤਾਂ ਮੇਰੇ ਗੁਰਾਂ ਨੇ ਫਰਮਾਇਆ ਕਿ ਉਹ ਕਾਜ਼ੀ ਕੋਲ ਹੈ, ਉਸਨੂੰ ਕਹੋ ਲਾ ਦੇਵੇ । ਕਾਜ਼ੀ ਸ਼ਰਮਸਾਰ ਹੋ ਗਿਆ, ਸਾਰੀ ਕਰਤੂਤ ਨੰਗੀ ਹੋ ਗਈ । ਉਹ ਬੱਕਰਾ ਅੱਜ ਵੀ ਤਿੰਨਾਂ ਲੱਤਾਂ ਨਾਲ ਚਲ ਰਿਹਾ ਏ । ਇਹ ਮੇਰੇ ਗੁਰੂ ਦਾ ਕਮਾਲ ਹੈ। ਕੀ ਮੈਂ ਝੂਠ ਆਖ ਰਿਹਾ ਹਾਂ ?
ਕੀ ਇਹ ਗੱਲ ਭਰੇ ਦਰਬਾਰ 'ਚ ਨਹੀਂ ਸੀ ਹੋਈ ? ਕੀ ਸਾਰੇ ਦਰਬਾਰ ਨੇ ਅੱਖੀਂ ਨਹੀਂ ਸੀ ਡਿੱਠੀ ? ਸਾਰਿਆਂ ਮੂੰਹ 'ਚ ਉਂਗਲਾਂ ਨਹੀਂ ਸਨ ਪਾਈਆਂ ? ਹਜੂਰ ਨੇ ਪੱਕੇ ਗੋਸ਼ਤ ਦਾ ਦੇਗਚਾ ਮੇਰੇ ਗੁਰੂ ਦੇ ਸਾਹਵੇਂ ਰੱਖ ਦਿੱਤਾ ਸੀ ਉੱਤੇ ਰੁਮਾਲ ਪਾ ਕੇ । ਮੇਰੇ ਗੁਰੂ ਨੇ ਜਦੋਂ ਰੁਮਾਲ ਚੁੱਕਿਆ ਤਾਂ ਕੀ ਗੁਲਾਬ ਦੇ ਫੁੱਲ ਨਹੀਂ ਸਨ ਨਿਕਲੇ ਦੇਗਚੇ ਵਿਚੋਂ । ਕੀ ਇਹ ਝੂਠ ਏ? ਕੀ ਇਹ ਖ਼ੁਦਾਈ ਕਰਾਮਾਤ ਨਹੀਂ ? ਇਹ ਖ਼ੁਦਾ ਦੀ ਬਰਕਤ ਨਹੀਂ ? ਮੇਰਾ ਗੁਰੂ ਕਿਸੇ ਪੀਰ ਨਾਲੋਂ ਘੱਟ ਏ !
ਜਦੋਂ ਹਜ਼ੂਰ ਨੇ ਇਕ ਹੋਰ ਪ੍ਰੀਖਿਆ ਲਈ ਮੇਰਾ ਗੁਰੂ ਵਿਚੇ ਵਿਚ ਡੋਲ ਗਿਆ। ਜੋ ਮਾਮੂਲੀ ਬੰਦਾ ਹੁੰਦਾ ਤਾਂ ਜਾਨ ਤੋਂ ਹੱਥ ਧੋ ਬਹਿੰਦਾ । ਉਹ ਖੂਹ ਜਿਹਦੇ 'ਚ ਬੰਦਾ ਡਿੱਗਿਆ ਕਿਆਮਤ ਤਕ ਬਾਹਰ ਨਹੀਂ ਆਇਆ । ਤੁਸਾਂ ਉਸ ਖੂਹ ਤੇ ਇਕ ਚਾਦਰ ਵਿਛਾ ਦਿੱਤੀ ਸੀ ਤੇ ਉਹਦੇ ਤੇ ਮਖਮਲੀ ਆਸਣ ਲਾ ਦਿੱਤਾ ਸੀ । ਮੇਰੇ ਗੁਰੂ ਨੂੰ ਸੱਦਿਆ ਇਹ ਵੇਖਣ ਲਈ ਕਿ ਉਹ ਜਾਣੀ ਜਾਣ ਹਨ ਕਿ ਨਹੀਂ । ਆਸਣ ਤੇ ਬਹਿਣ ਦਾ ਹੁਕਮ ਦਿੱਤਾ ਹਜ਼ੂਰ ਨੇ । ਮੇਰਾ ਗੁਰੂ ਬਿਨਾਂ ਖਟਕੇ ਜਾ ਬੈਠਾ । ਜੇ ਮੇਰਾ ਗੁਰੂ ਕਰਨੀ ਵਾਲਾ ਨਾ ਹੁੰਦਾ ਤਾਂ ਚਾਦਰ ਲਮਕ ਜਾਂਦੀ ਤੇ ਗੁਰੂ ਖੂਹ ਵਿਚ ਡਿੱਗ ਪੈਂਦਾ । ਕੋਈ ਨੁਕਸਾਨ ਤਾਂ ਨਹੀਂ ਸੀ ਨਾ ਹੋਇਆ? ਕੱਪੜੇ ਦੀ ਚਾਦਰ ਲੋਹੇ ਦੀ ਜਮੀਨ ਬਣ ਗਈ। ਇਹ ਕਰਨੀ ਵਾਲੇ ਬੰਦੇ ਈ ਕਰਦੇ ਹਨ।
ਜਦੋਂ ਹਜ਼ੂਰ ਨੇ ਪਾਲਕੀ ਭੇਜੀ ਮੇਰੇ ਗੁਰੂ ਲਈ ਦਰਬਾਰ 'ਚ ਹਾਜ਼ਰੀ ਭਰਨ ਲਈ, ਕੁਹਾਰ ਪਾਲਕੀ ਛੱਡ ਕੇ ਪੱਤਰਾ-ਵਾਚ ਗਏ । ਦਰਬਾਰ 'ਚ ਹਾਜ਼ਰੀ ਜ਼ਰੂਰੀ ਸੀ । ਕੁਹਾਰ ਸੱਦੇ ਜਾਂਦੇ ਤਾਂ ਹੁਕਮ ਅਦੂਲੀ ਹੁੰਦੀ । ਹੁਕਮ ਦੀ ਪਾਲਣਾ ਕਰਨ ਵਾਸਤੇ ਮੇਰੇ ਮਾਲਕ ਨੇ ਕੁਹਾਰਾਂ ਦੀ ਉਡੀਕ ਨਹੀਂ ਕੀਤੀ । ਨਾਲੇ ਉਸ ਵੇਲੇ ਕੁਹਾਰ ਲੱਭਣੇ ਵੀ ਕਿੱਥੋਂ ਸਨ ? ਸ਼ਾਹੀ ਪਾਲਕੀ ਨੂੰ ਆਮ ਬੰਦਾ ਚੁੱਕ ਵੀ ਤਾਂ ਨਹੀਂ ਨਾ ਸਕਦਾ । ਆਮ ਬੰਦਿਆਂ ਦੀ ਪਾਲਕੀ ਦਰਬਾਰ 'ਚ ਕਿਵੇਂ ਪੁੱਜ ਸਕਦੀ ਹੈ ? ਕਿਲ੍ਹੇ ਦੇ ਦਰਵਾਜ਼ੇ ਬੰਦ ਸਨ । ਮੇਰੇ ਗੁਰੂ ਨੇ ਸਤਿਨਾਮ ਦੀ ਬਾਣੀ ਪੜ੍ਹੀ ਤੇ ਪਾਲਕੀ 'ਚ ਬੈਠ ਗਏ । ਰੱਬ ਜਾਣੇ ਜਿੰਨ, ਪਰੀਆਂ ਆਈਆਂ, ਪਾਲਕੀ ਚੁੱਕੀ ਤੇ ਕਿਲ੍ਹੇ ਦੀ ਦੀਵਾਰ ਟੱਪ ਕੇ ਪਾਲਕੀ ਕਿਲੇ 'ਚ ਆਣ ਉਤਰੀ । ਪਾਲਕੀ ਦੇ ਨਾਲ ਕੌਣ ਸੀ ? ਕੋਈ ਕੁਹਾਰ ਹੈ ਸੀ ? ਨਾ ਬੰਦਾ ਨਾ ਬੰਦੇ ਦੀ ਜਾਤ । ਇਹ ਕਸਬ, ਇਹ ਕਮਾਲ ਇਸ ਛੋਕਰੇ ਨੇ ਕਰ ਲੈਣੇ ਨੇ ? ਕਦੀ ਨਹੀਂ ! ਇਸ ਨੂੰ ਤਾਂ ਅਜੇ ਖਿਡੌਣਿਆਂ ਨਾਲ ਖੇਡਣ ਦੀ ਜਾਚ ਨਹੀਂ। ਇਹ ਮੇਰਾ ਗੁਰੂ ਹਕੂਮਤ ਦੀ ਹਰ ਤਰ੍ਹਾਂ ਰਾਖੀ ਕਰ 'ਸਕਦਾ ਏ । ਜੇ ਬਾਦਸ਼ਾਹ ਦਾ ਅੰਗ ਰੱਖਿਅਕ ਬਣ ਜਾਏ ਤਾਂ ਹਜ਼ੂਰ ਵੱਲ ਕੋਈ ਮੈਲੀ ਅੱਖ ਕਰ ਕੇ ਈ ਨਹੀਂ ਵੇਖ ਸਕਦਾ । ਇਹ ਜਲਵੇ ਮੇਰੇ ਗੁਰੂ ਦੀ ਜ਼ਾਤ ਦੇ ਨਾਲ ਹੀ ਹਨ ।
ਜਿਸ ਦਿਨ ਕਿਲ੍ਹੇ ਨੂੰ ਜਿੰਦਰੇ ਵੱਜੇ ਹੋਏ ਸਨ । ਹਜ਼ੂਰ ਦੀ ਸਵਾਰੀ ਬਾਹਰ ਖੜ੍ਹੀ ਸੀ । ਦਰਵਾਜ਼ਾ-ਬਰਦਾਰ ਕਿਲੇਦਾਰ ਤੋਂ ਹੁਕਮ ਲੈਣ ਗਿਆ ਸੀ । ਮੇਰੇ ਗੁਰੂ ਵਿਚ ਈ ਤਾਕਤ ਸੀ ਕਿ