ਪੰਜ ਪੈਸੇ ਤੇ ਨਾਰੀਅਲ ਅੱਗੇ ਰੱਖ ਕੇ ਬਕਾਲੇ ਵੱਲ ਮੂੰਹ ਕੀਤਾ ਤੇ ਮੱਥਾ ਟੇਕ ਦਿੱਤਾ ।
ਤੋਤਲੀ ਤੇ ਥਰਥਰਾਉਂਦੀ ਜ਼ਬਾਨ ਵਿਚ ਫ਼ਰਮਾਇਆ। ਬਾਬਾ …… ਬਕਾਲੇ । ਅੱਧੇ ਲਫਜ਼ ਲੋਕਾਂ ਸੁਣੇ ਤੇ ਅੱਧੇ ਨਾ ਸੁਣੇ । ਜੋਤ ਜੋਤ ਵਿਚ ਪ੍ਰਵੇਸ਼ ਕਰ ਗਈ ਸੀ।
ਆਮ ਲੋਕਾਂ ਦਾ ਦੁੱਖ ਨਿਵਾਰਕ, ਮੁਸਲਮਾਨਾਂ ਦਾ ਬਾਲਾ ਪੀਰ, ਹਿੰਦੂਆਂ ਦਾ ਗੁਰੂ ਤੇ ਸਿੱਖਾਂ ਦਾ ਸੱਚਾ ਪਾਤਸ਼ਾਹ ਛੱਡ ਗਿਆ ਸਭ ਨੂੰ ਬੈਠਿਆਂ। ਅਸ਼ਟਮ ਬਲਬੀਰ ਅਖਵਾਉਣ ਵਾਲਾ ਲੋਕਾਂ ਦੀਆਂ ਅੱਖਾਂ 'ਚ ਅੱਥਰੂ ਭਰ ਗਿਆ। ਹੱਥ ਧੁਪਦੇ ਸਨ ਲੋਕਾਂ ਦੇ ਅਥਰੂਆਂ ਨਾਲ । ਕੌਮ ਦੀ ਕਿਸ਼ਤੀ ਡੋਲ ਰਹੀ ਸੀ ਬਿਨਾਂ ਮਲਾਹ ਤੋਂ। 'ਮਲਾਹ ਹੁਣ ਕੌਮ ਆਪ ਲੱਭੇ ਇਹ ਇਕ ਸੁਆਲ ਸੀ।
ਸੂਰਜ ਕਿਰਣ ਮਿਲੇ, ਜਲ ਕਾ ਜਲੁ ਹੂਆ ਰਾਮ ॥
ਜੋਤੀ ਜੋਤਿ ਰਲੀ, ਸੰਪੂਰਨ ਥੀਆ ਰਾਮ ॥
ਬ੍ਰਹਮੁ ਦੀਸੈ ਬ੍ਰਹਮੁ ਸੁਣੀਐ, ਏਕ ਏਕੁ ਵਖਾਣੀ ਐ ॥
ਆਤਮ ਪਸਾਰਾ ਕਰਣਹਾਰਾ, ਪ੍ਰਭ ਬਿਨਾ ਨਹੀਂ ਜਾਣੀਐ॥
ਆਪਿ ਕਰਤਾ ਆਪਿ ਭੁਗਤਾ, ਆਪਿ ਕਾਰਣੁ ਕੀਆ ॥
ਬਿਨਵੰਤਿ ਨਾਨਕ ਸੇਈ ਜਾਣਹਿ, ਜਿਨੀ ਹਰਿ ਰਸੁ ਪੀਆ ॥ (ਗੁਰੂ ਅਰਜਨ ਦੇਵ)
ਪਹਿਰੇ ਵੀ ਖ਼ਤਮ ਹੋ ਗਏ ਤੇ ਪਾਲਕੀ ਵੀ ਚੁੱਕ ਲਈ ਕੁਹਾਰਾਂ । ਔਰੰਗਜ਼ੇਬ ਸਮਝ ਗਿਆ ਸੀ, ਪਰ ਰਾਮ ਰਾਇ ਦਾ ਮਸੰਦ ਆਖ ਰਿਹਾ ਸੀ, ਸਰਕਾਰ ਸਾਡਾ ਹੱਕ ? ਪਾਲਕੀ ਜਾ ਰਹੀ ਸੀ ।
ਗੁਰੂ ਦੀ ਅਰਥੀ ਨਾਲ ਤੁਹਾਡੀ ਗੱਦੀ ਦਾ ਹੁਕਮ ਮੈਂ ਭੇਜ ਰਿਹਾ ਹਾਂ ਤੇ ਚੰਦਨ ਦੀ ਅਗਨੀ ਵਿਚ ਉਹ ਵੀ ਸੜ ਕੇ ਸੁਆਹ ਹੋ ਜਾਏਗਾ ।
ਈਰਖਾ ਦੀ ਅੱਗ ਵਿਚ ਸੜ ਬਲ ਕੇ ਰਾਮ ਰਾਇ ਆਪਣੇ ਆਪ ਵਿਚ ਕੋਲੇ ਹੋ ਰਿਹਾ ਸੀ।