Back ArrowLogo
Info
Profile

ਪਰ ਉਹਦਾ ਪਾਣੀ ਭਰਦੀ ਏ ਦਿੱਲੀ । ਦਿੱਲੀ ਵਾਲੇ ਉਹਦੇ ਨਾਂ ਦੀ ਮਾਲਾ ਜਪਦੇ ਹਨ । ਮੁਸਲਮਾਨ ਵੀ ਇਸ ਕਾਫ਼ਰ ਨੂੰ ਸਿਜਦਾ ਕਰਦੇ ਹਨ । ਅਜੇ ਬਾਲ ਏ ਤੇ ਉਹਦੀ ਇਹ ਅਵਸਥਾ ਏ ਤੇ ਜਦੋਂ ਜੁਆਨ ਹੋਵੇਗਾ ਤਾਂ ਫਿਰ ਕੀ ਆਲਮ ਹੋਵੇਗਾ ? ਔਰੰਗਜ਼ੇਬ ਦੇ ਬੋਲ ਉਭਰੇ ।

—ਬੜੀ ਗੁਤਸਾਖੀ ਏ ਅੰਨ ਦਾਤਾ, ਐਨੀ ਵੱਡੀ ਭੁੱਲ ।

—ਹਾਂ ਉਹ ਫਕੀਰਾਂ ਦਾ ਪੁੱਤ ਏ ਤੇ ਮੈਂ ਬਾਦਸ਼ਾਹ ਦਾ ਲਾਡਲਾ ! ਫ਼ਰਕ ਕੁਝ ਜ਼ਰੂਰ ਏ । ਫ਼ਕੀਰ ਆਪਣੇ ਮਨ ਦਾ ਬਾਦਸ਼ਾਹ ਏ ਤੇ ਬਾਦਸ਼ਾਹ ਆਪਣੀ ਹਕੂਮਤ ਦਾ ਬਾਦਸ਼ਾਹ । ਦੋਹਾਂ 'ਚ ਜ਼ਮੀਨ ਅਸਮਾਨ ਜਿੰਨੀ ਵਿੱਥ ਏਂ ।

-ਆਲਮ ਪਨਾਹ ! ਇਹਦੇ ਘਰ ਵਾਲਿਆਂ ਇਹਦੇ ਵੱਡ ਵਡੇਰਿਆਂ ਨੇ ਇਖ਼ਲਾਕ ਦਾ ਰੱਤੀ ਭਰ ਵੀ ਸਬਕ ਇਹਨੂੰ ਨਹੀਂ ਦਿੱਤਾ । ਬਜ਼ੁਰਗਾਂ ਦੀ ਖ਼ਿਦਮਤ ਕਰਨਾ, ਸਤਿਕਾਰ ਕਰਨਾ, ਇੱਜ਼ਤ ਕਰਨਾ ਹਰ ਬੱਚੇ ਦਾ ਫਰਜ਼ ਏ । ਸ਼ਹਿਨਸ਼ਾਹ ਦੀ ਪਾਲਕੀ ਖੜ੍ਹੀ ਹੋਵੇ ਦਰਵਾਜ਼ੇ ਤੇ ਜਵਾਬ ਦਿੱਤਿਆਂ ਬਗ਼ੈਰ ਦਰਵਾਜ਼ੇ ਬੰਦ ਹੋ ਜਾਣ । ਹਕੂਮਤ ਦੀ ਪੱਗ ਲਾਹੁਣ ਵਾਲੀ ਗੱਲ ਏ, ਡੁੱਬ ਮਰਨ ਦਾ ਮੁਕਾਮ ਏ, ਸ਼ਹਿਨਸ਼ਾਹ ਦਾ ਅਪਮਾਨ ਏ । ਇਹੋ ਜਿਹੇ ਗੁਸਤਾਖ਼ ਬੱਚੇ ਨੂੰ ਸਰੇ ਰਾਹ ਕਤਲ ਕਰ ਦੇਣਾ ਚਾਹੀਦਾ ਹੈ । ਇਹ ਆਵਾਜ਼ ਇਕ ਅਹਿਲਕਾਰ ਦੀ ਸੀ ।

—ਤੂੰ ਇਸ ਦੁਨੀਆਂ ਤੋਂ ਕੋਰਾ ਏਂ । ਜਿਸ ਦੁਨੀਆਂ 'ਚ ਇਹ ਵੱਸਦੇ ਹਨ ਉਹ ਦੁਨੀਆਂ ਸਾਡੀ ਦੁਨੀਆਂ ਨਾਲੋਂ ਵੱਖਰੀ ਏ । ਇਨ੍ਹਾਂ ਦੇ ਰਾਹ ਵੱਖਰੇ, ਇਨ੍ਹਾਂ ਦੀਆਂ ਸੋਚਾਂ ਵੱਖਰੀਆਂ, ਇਨ੍ਹਾਂ ਦੇ ਸੁਭਾਅ ਵੱਖਰੇ, ਇਨ੍ਹਾਂ ਦੀ ਕਿਰਿਆ ਵੱਖਰੀ । ਇਨ੍ਹਾਂ ਦੇ ਮਨ ਗੰਗਾ ਜਲ ਵਾਂਗ ਪਵਿੱਤਰ ਹਨ। ਇਨ੍ਹਾਂ ਦੀ ਜ਼ਬਾਨ ਇਲਾਹੀ ਅਲਹਾਮ । ਅਸੀਂ ਇਸ ਦੁਨੀਆਂ ਦੇ ਮਾਲਕ ਹਾਂ ਤੇ ਇਹ ਸੱਤਾਂ ਅਸਮਾਨਾਂ ਦੇ ਮਾਲਕ ਹਨ । ਹੁਣ ਕੌਣ ਆਖੇ ਕੌਣ ਵੱਡਾ ਤੇ ਕੌਣ ਛੋਟਾ ਏ ? ਮੈਂ ਬਾਦਸ਼ਾਹ ਹਾਂ ਇਹ ਪਾਤਸ਼ਾਹ ਏ । ਇਕ ਰਮਜ਼ ਏ ਇਹਨੂੰ ਜੋ ਹਰ ਦੁਨੀਆਦਾਰ ਨਹੀਂ ਜਾਣਦਾ । ਇਨ੍ਹਾਂ ਦੀ ਤਸਬੀ ਦੇ ਮਣਕੇ ਆਮ ਦੁਨੀਆਂ ਦੀ ਤਸਬੀ ਨਾਲੋਂ ਵੱਖਰੇ ਹਨ । ਵੇਖਣ ਨੂੰ ਇਕੋ ਜਿਹੇ ਜਾਪਦੇ ਹਨ । ਵੇਖਣ-ਚਾਖਣ ਨੂੰ ਤਸਬੀਆਂ ਇਕੋ ਜਿਹੀਆਂ ਹਨ । ਪਰ ਅੱਖਾਂ ਵਾਲੇ ਇਨ੍ਹਾਂ ਤਸਬੀਆਂ 'ਚੋਂ ਫਰਕ ਲੱਭ ਲੈਂਦੇ ਹਨ । ਮੈਂ ਹੁਣ ਇਕ ਐਸੀ ਥਾਂ ਤੇ ਖੜ੍ਹਾ ਹੋ ਗਿਆ ਹਾਂ, ਮੇਰੀ ਜਾਨ ਕੁੜਿਕੀ 'ਚ ਫਸ ਗਈ ਹੈ । ਸੱਪ ਦੇ ਮੂੰਹ ਕੋਹੜ ਕਿਰਲੀ ਜੇ ਖਾਵੇ ਤਾਂ ਕੋਹੜੀ ਜੇ ਛੱਡੇ ਤਾਂ ਲੱਗੇ ਲਾਜ । ਮੈਂ ਫੈਸਲਾ ਨਹੀਂ ਕਰ ਸਕਦਾ ਕਿ ਕਿਸ ਰਸਤੇ ਜਾਵਾਂ । ਚਾਰੇ ਰਸਤੇ ਇਕੋ ਜਿਹੇ ਜਾਪਦੇ ਹਨ। ਖ਼ਤਰਨਾਕ ਵੀ ਹਨ ਤੇ ਆਰਾਮ ਦੇਹ ਵੀ । ਪਰ ਇਨ੍ਹਾਂ ਲਈ ਸਾਰੇ ਰਾਹ ਇਕੋ ਜਿਹੇ ਹਨ । ਮੈਂ ਔਰੰਗਜ਼ੇਬ ਆਪਣੀ ਉਮਰ ਹੰਢਾ ਕੇ ਵੀ ਫੈਸਲਾ ਨਹੀਂ ਕਰ ਸਕਿਆ । ਯਾਰੋ ਖ਼ੁਦਾ ਦਾ ਖੌਫ਼ ਨਹੀਂ ਇਕ ਬੱਚਾ ਮੇਰੇ ਨਾਂ ਤੋਂ ਵੀ ਨਹੀਂ ਡਰਦਾ । ਮੈਂ ਬਾਦਸ਼ਾਹ ਕਾਹਦਾ ਹੋਇਆ । ਔਰੰਗਜ਼ੇਬ ਇਸ ਤਰ੍ਹਾਂ ਸੋਚ ਰਿਹਾ ਸੀ।

ਦਰਵਾਜ਼ੇ ਬੰਦ ਸਨ । ਪਾਲਕੀ ਖੜ੍ਹੀ ਸੀ । ਔਰੰਗਜ਼ੇਬ ਆਪਣੇ ਆਲੇ-ਦੁਆਲੇ ਝਾਤੀ ਮਾਰ ਰਿਹਾ ਸੀ ਜਿਵੇਂ ਇਸ ਖਲਾਅ 'ਚੋਂ ਕੁਝ ਲੱਭ ਰਿਹਾ ਹੋਵੇ ।

३.

ਔਰੰਗਜ਼ੇਬ ਨੇ ਇਕ ਵਾਰ ਫੇਰ ਤਸਬੀ ਤੇ ਹੱਥ ਫੇਰਿਆ, ਤਸਬੀ ਹਰਕਤ ਵਿਚ ਆਈ।

7 / 52
Previous
Next