ਸੁਆਂਤੀ ਬੂੰਦ
ਆਪਣੇ ਬੱਚਿਆਂ ਨਾਲ ਖੇਡਣ ਲਈ ਸਾਡੇ ਕੋਲ ਸਮਾਂ ਨਹੀਂ ਹੁੰਦਾ। ਆਰਥਿਕਤਾ ਦੀ ਜ਼ਰੂਰੀ ਦੌੜ ਦੌੜਦੇ ਹੋਏ ਅਸੀਂ ਥੱਕ ਜਾਂਦੇ ਹਾਂ। ਜਿੱਤਾਂ, ਪ੍ਰਾਪਤੀਆਂ ਅਤੇ ਤਰੱਕੀਆਂ ਦੀ ਸਥੂਲਤਾ ਸਾਨੂੰ ਬਾਲ-ਸੰਸਾਰ ਦੀ ਸੂਖਮਤਾ ਨਾਲ ਕੋਈ ਸੁੰਦਰ ਸਾਂਝ ਪਾਉਣ ਜੋਗਾ ਨਹੀਂ ਛੱਡਦੀ। ਅਸੀਂ ਜਦੋਂ ਵੀ ਉਨ੍ਹਾਂ ਦੀ ਕਲਪਨਾ ਦੀ ਦੁਨੀਆਂ ਵਿਚ ਦਾਖ਼ਿਲ ਹੁੰਦੇ ਹਾਂ ਆਪਣੇ ਨਾਲ ਕ੍ਰੋਧ, ਘਿਰਣਾ ਈਰਖਾ, ਉਪਦੇਸ਼, ਹਉਮੈ ਅਤੇ ਹੁਸ਼ਿਆਰੀ ਦੀ ਬਕਾਵਟ ਦਾ ਯਥਾਰਥ ਲੈ ਕੇ ਜਾਂਦੇ ਹਾਂ: ਜਿਵੇਂ ਕੋਈ ਅਣਜਾਣ ਜੁੱਤੀ ਸਮੇਤ ਮੰਦਰ ਵਿਚ ਜਾ ਵੜੇ।
ਜਦੋਂ ਸਾਡੇ ਬੱਚਿਆਂ ਦੇ ਬੱਚੇ ਹੁੰਦੇ ਹਨ ਉਦੋਂ ਤਕ ਅਸੀਂ ਦੁਨੀਆਂ ਦੀ ਆਰਥਿਕ ਦੌੜ ਵਿੱਚੋਂ ਲਗਭਗ ਖ਼ਾਰਜ ਹੋ ਗਏ ਹੁੰਦੇ ਹਾਂ। ਸਾਡੇ ਕੋਲ ਆਪਣੇ ਬੱਚਿਆਂ ਦੇ ਬੱਚਿਆਂ ਨਾਲ ਖੇਡਣ ਦਾ ਸਮਾਂ ਤਾਂ ਹੁੰਦਾ ਹੈ ਪਰ ਅਵਸਰ ਸਾਥੋਂ ਖੁੱਸ ਜਾਂਦਾ ਹੈ। ਆਰਥਿਕਤਾ ਦੀ ਦੌੜ ਦੌੜਦੇ ਹੋਏ ਸਾਡੇ ਬੱਚੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ, ਸਾਥੋਂ ਦੂਰ, ਦੂਜੇ ਸ਼ਹਿਰਾਂ ਵਿਚ, ਦੂਜੇ ਸੂਬਿਆਂ ਵਿਚ ਅਤੇ (ਕਦੇ ਕਦੋ) ਦੂਜੇ ਦੇਸ਼ਾਂ ਵਿਚ ਚਲੇ ਜਾਂਦੇ ਹਨ।
ਪਰ ਮੇਰੇ ਨਾਲ ਇਉਂ ਨਹੀਂ ਹੋਇਆ। ਮੇਰੇ ਬੱਚੇ ਮੇਰੇ ਕੋਲ ਹਨ ਅਤੇ ਮੈਨੂੰ ਆਪਣੀ ਪੋਤਰੀ, ਨੇਹਲ, ਨਾਲ ਖੇਡਣ ਦਾ ਪੂਰਾ ਪੂਰਾ ਮੌਕਾ ਮਿਲ ਰਿਹਾ ਹੈ। ਮੈਨੂੰ ਆਪਣੀ ਕਲਮ ਉੱਤੇ ਓਨਾ ਅਧਿਕਾਰ ਨਹੀਂ, ਜਿੰਨਾ ਨੇਹਲ ਨੂੰ ਮੇਰੇ ਉੱਤੇ ਹੈ। ਇਹ ਸੰਬੰਧ ਸਾਉਣ ਦੀ ਸੁਰਮਈ ਬੱਦਲੀ ਵਾਂਗ ਮੇਰੇ ਜੀਵਨ ਦੀ ਸੁਗੰਧਤ ਸੰਧਿਆ ਉੱਤੇ ਛਾਇਆ ਹੋਇਆ ਹੈ। ਅਤੇ ਇਸ ਵਿੱਚੋਂ ਲਗਾਤਾਰ ਹੁੰਦੀ ਰਹਿਣ ਵਾਲੀ ਸੁੱਖ ਵਰਸ਼ਾ ਮੈਨੂੰ ਅਨੇਕਾਂ ਸੁਨਹਿਰੀ ਸਵੇਰਾਂ ਦੇ ਆਗਮਨ ਦਾ ਸੁਰੀਲਾ ਸੁਨੇਹਾ ਦਿੰਦੀ ਰਹਿੰਦੀ ਹੈ।
ਨੇਹਲ ਦਾ ਜਦੋਂ ਜੀ ਕਰੋ, ਸਹਿਜੇ ਹੀ ਮੈਨੂੰ ਆਪਣੇ ਬਾਲਪਨ ਦੇ ਸੌਂਦਰਯ-ਲੋਕ ਵਿਚ ਲੈ ਜਾਂਦੀ ਹੈ। ਉਸ ਦੀਆਂ ਨਿੱਕੀਆਂ ਨਿੱਕੀਆਂ ਖੇਡਾਂ ਵਿੱਚੋਂ ਵੱਡੀਆਂ ਵੱਡੀਆਂ ਖ਼ੁਸ਼ੀਆਂ ਖਿੱਲਰ ਕੇ ਮੇਰੇ ਜੀਵਨ ਦੀ ਮੁਰਝਾਉਂਦੀ ਜਾਂਦੀ ਫੁਲਵਾੜੀ ਨੂੰ ਖੇੜਿਆਂ ਨਾਲ ਭਰੀ ਰੱਖਦੀਆਂ ਹਨ। ਕੁਝ ਦਿਨਾਂ ਦੀ ਗੱਲ ਹੈ ਉਸ ਨੇ ਮੈਨੂੰ ਗੋਡਿਆਂ ਭਾਰ ਬੈਠ ਕੇ ਬਾਹਾਂ ਖਿਲਾਰਨ ਨੂੰ ਆਖਿਆ। ਉਸ ਦੀ ਆਗਿਆ ਦਾ ਪਾਲਣ ਕਰਦਾ ਹੋਇਆ ਮੈਂ ਬਾਹਾਂ ਖਿਲਾਰ ਕੇ ਗੋਡਿਆਂ ਭਾਰ ਬੈਠ ਗਿਆ। ਉਸ ਨੇ ਮੇਰੇ ਤੋਂ ਪੰਜ ਛੇ ਗਜ਼ਾਂ ਦੇ ਵਾਸਲੇ ਉੱਤੇ ਖੜੀ ਹੋ ਕੇ ਬਾਹਾਂ ਖਿਲਾਰੀਆਂ, ਬਾਹਾਂ ਖਿਲਾਰੀ ਦੌੜਦੀ ਹੋਈ ਮੇਰੇ ਗਲ ਆ ਲੱਗੀ ਅਤੇ ਖਿੜ ਖਿੜਾ ਕੇ ਹੱਸ ਪਈ। ਆਪ-ਮੁਹਾਰੇ ਮੇਰੀਆਂ ਬਾਹਾਂ ਉਸ ਦੇ ਉਦਾਲੇ ਵਲੀਆਂ ਗਈਆਂ। ਉਹ ਮੁੜ ਉਸੇ ਦੂਰੀ ਉੱਤੇ ਜਾ ਖਲੋਤੀ ਅਤੇ ਮੁੜ ਬਾਹਾਂ ਫੈਲਾਈ ਮੇਰੇ ਵੱਲ ਆਈ। ਮੁੜ ਉਸੇ ਤਰ੍ਹਾਂ ਮੇਰੇ ਗਲ ਲੱਗ ਕੇ ਖੁਸ਼ ਹੋਈ ਅਤੇ ਮੈਂ ਉਸ ਨੂੰ ਆਪਣੀਆ ਬਾਹਾਂ ਵਿਚ ਘੁੱਟ ਲਿਆ।