

ਬੁਤ ਤੇਰਾ ਸੁਹਣਿਆ ਮਦ ਦੀ ਪਿਆਲੀ,
ਨਸ਼ਾ ਇਹਦਾ ਜੀਵੇਂ ਹਾਲੀ ਦੀ ਹਾਲੀ,
ਖ਼ਿਆਲ ਤੇਰੇ ਦੀ ਪਰ ਬਾਤ ਨਿਰਾਲੀ,
ਪੈਣ ਨਾ ਤਾਰਾਂ ਢਿਲੀਆਂ,
ਮੈਂ ਖ਼ਿਆਲ ਤੇਰੇ ਨਾਲ ਹਿਲੀਆਂ ।
ਇਸ਼ਕਾਂ ਦਾ ਸ਼ੌਹ ਡਾਢਾ ਵਗਦਾ ਸਤਾਣਾ,
ਕੱਚੇ ਘੜੇ ਨੇ ਇਥੇ ਪਾਰ ਕੀ ਲਗਾਣਾ,
ਤਾਹੀਓਂ ਤਾਂ ਫੜਕੇ ਖ਼ਿਆਲ ਦਾ ਮੁਹਾਣਾ,
ਸ਼ੌਹ ਦਰਿਆ ਵਿਚ ਠਿਲ੍ਹੀਆਂ,
ਮੈਂ ਖ਼ਿਆਲ ਤੇਰੇ ਨਾਲ ਹਿਲੀਆਂ ।
ਬੁੱਤ ਤੇਰਾ ਭਾਵੇਂ ਮਨ-ਮੋਹਣਾ,
ਖ਼ਿਆਲ ਤੇਰਾ ਉਸ ਤੋਂ ਵੀ ਸੋਹਣਾ,
ਇਹ ਵੀ ਖਿਡੌਣਾ, ਉਹ ਵੀ ਖਿਡੌਣਾ,
ਇਹ ਰਮਜ਼ਾਂ ਹੁਣ ਮਿਲੀਆਂ,
ਮੈਂ ਖ਼ਿਆਲ ਤੇਰੇ ਨਾਲ ਹਿਲੀਆਂ ।