

ਭਰ ਨਾ ਤੂੰ ਹੰਝੂ ਤੇ ਮਰ ਨਾ ਤੂੰ ਹਾਵੇ,
ਹੋਇਆ ਕੀ ਸਜਨੀ ਜੇ ਉਮਰਾ ਵਿਹਾਵੇ,
ਜਿਉਂ ਜਿਉਂ ਖੁਲ੍ਹਦੇ ਸਮੇਂ ਦੇ ਕਲਾਵੇ,
ਤਿਉਂ ਤਿਉਂ ਵਿਛੋੜਾ ਪ੍ਰੀਤ ਨੂੰ ਪਕਾਵੇ।
ਲੱਖ ਸਾਲ, ਲੱਖ ਜੁਗ ਤੇ ਲੱਖ ਜਗ ਸੁਹਾਵੇ,
ਪ੍ਰੀਤ ਉਮਰ ਦੀ ਇਕ ਛਿਨੋਕੀ,
ਨੀ ਸਜਨੀ,
ਤੇਰੀ ਮੇਰੀ ਪ੍ਰੀਤੀ ਚਿਰੋਕੀ ।
ਹੋਇਆ ਕੀ, ਅਨਕੂਲ ਨਾ ਭਾਈਚਾਰੇ,
ਹੋਇਆ ਕੀ, ਮਿਲ ਨਾ ਸਕੇ ਇਸ ਸਿਤਾਰੇ,
ਕਦੀ ਨਾ ਕਦੀ ਤਾਂ ਸਮੇਂ ਦੇ ਹੁਲਾਰੇ,
ਮਿਲਾਵਣਗੇ ਸਾਨੂੰ ਕਿਸੇ ਜਗ ਨਿਆਰੇ,
ਤੇ ਗਾਵਣਗੇ ਰਲ ਮਿਲ ਕੇ ਬ੍ਰਹਿਮੰਡ ਸਾਰੇ,
ਤੇਰੀ ਮੇਰੀ ਪ੍ਰੀਤ ਸਦੋਕੀ
ਨੀ ਸਜਨੀ,
ਤੇਰੀ ਮੇਰੀ ਪ੍ਰੀਤੀ ਚਿਰੋਕੀ ।