

ਕੀ ਹੋਇਆ ਜੇ ਰਾਤ ਦਿਨੇ ਮੈਂ ਮੰਗਦੀ,
ਕੀ ਹੋਇਆ ਜੇ ਥਾਂ ਪਰ ਥਾਂ ਤੋਂ ਲੰਘਦੀ,
ਕੀ ਹੋਇਆ ਜੇ ਅੱਖ ਮੇਰੀ ਨਾ ਸੰਙਦੀ ।
ਰੋਣਾ ਧੋਣਾ, ਝੁਕ ਝਕ ਹੋਣਾ ਦੂਹਰੀਆਂ,
ਹਸ ਹਸ ਕੂਣਾ, ਹਵਸਾਂ ਕਰਨੀਆਂ ਪੂਰੀਆਂ,
ਤਨ ਦੇਣਾ, ਟੁਕ ਲੈਣਾ, ਇਹ ਮਜ਼ਬੂਰੀਆਂ ।
ਤਕ ਨਾ ਮੈਂ ਤਕ ਕਿੱਦਾਂ ਆਇਆ ਅੱਨ ਮੇਰਾ,
ਤਕ ਨਾ ਉਤੋਂ ਉਤੋਂ ਜੀਵੇਂ ਤਨ ਮੇਰਾ,
ਤਕ ਸੱਕੇਂ ਤਾਂ ਤੱਕੀਂ ਤ੍ਰੀਮਤ-ਪਨ ਮੇਰਾ ।
ਮੈਂ ਤ੍ਰੀਮਤ ਕੋਈ ਸਾਗਰ ਅਲਖ ਅਪਾਰ ਵੇ,
ਇਹ ਗੱਲਾਂ ਸਭ ਉਤਲੀ ਝਗ ਦੇ ਹਾਰ ਵੇ,
ਤ੍ਰੀਮਤ-ਪਨ ਤਾਂ ਸੁੱਤਾ ਡੂੰਘ ਡੂੰਘਾਰ ਵੇ ।
ਸੁੱਚੇ ਮੋਤੀ ਵਾਂਗਰ ਸਿਪ-ਵਲ੍ਹੇਟਿਆ,
ਕੁੱਖ ਮੇਰੀ ਦੀਆਂ ਘੋਰ ਗੁਫਾਂ ਵਿਚ ਲੇਟਿਆ,
ਆਬ ਜਿਦੀ ਨੂੰ ਅਜੇ ਨਾ ਲਹਿਰਾਂ ਮੇਟਿਆ ।