

ਚੁੰਮੋ ਨੀ ਏਹਦੇ ਹੱਥ ਚੰਬੇ ਦੀਆਂ ਕਲੀਆਂ,
ਧੋਵੋ ਨੀ ਏਹਦੇ ਪੈਰ ਮਖਣ ਦੇ ਪੇੜੇ ।
ਰਖੋ ਨੀ ਏਹਨੂੰ ਚੁਕ ਚੁਕ ਚਸ਼ਮਾਂ ਉੱਤੇ,
ਕਰੋ ਨੀ ਏਹਨੂੰ ਘੁਟ ਘੁਟ ਜਿੰਦ ਦੇ ਨੇੜੇ ।
ਬੰਨ੍ਹੋ ਨੀ ਕੋਈ ਪਹਾੜ ਸਮੇਂ ਦੇ ਪੈਰੀਂ,
ਡਕੋ ਨੀ ਕੋਈ ਰਾਤ ਦਿਵਸ ਦੇ ਗੇੜੇ ।
ਪੁਛੋ ਨਾ ਇਹ ਕੌਣ ਤੇ ਕਿਥੋਂ ਆਇਆ,
ਤਕੋ ਨੀ ਇਹਦਾ ਰੂਪ ਭੁਲਾ ਸਭ ਝੇੜੇ ।
ਨੀ ਅਜ ਕੋਈ ਆਇਆ ਸਾਡੇ ਵੇਹੜੇ,
ਤਕਣ ਚੰਨ ਸੂਰਜ ਢੁਕ ਢੁਕ ਨੇੜੇ ।