

ਨਿੱਕੀ ਜਹੀ ਮੈਂ ਕਲੀ
ਨਿੱਕੀ ਜਹੀ ਮੈਂ ਕਲੀ ।
ਅਰਸ਼ਾਂ ਵੰਨੀ ਮੂੰਹ ਭਵਾਈ
ਚਿਰਾਂ ਚਿਰਾਂ ਤੋਂ ਖਲੀ ।
ਤਾਰਿਆਂ-ਜੜੀ ਸਵੇਰ ਬੀਤ ਗਈ,
ਬੀਤ ਦੁਪਹਿਰ ਚਲੀ ।
ਸ਼ਾਮਾਂ ਦੇ ਪੈ ਗਏ ਝਾਂਵਲੇ,
ਦੁਖ ਗਈ ਧੌਣ ਅਲੀ ।
ਸੁਕ ਗਏ ਅਥਰੂ, ਮੁਕ ਗਏ ਹਾਸੇ
ਗਈ ਸੁਗੰਧ ਛਲੀ ।
ਕੀ ਸਖੀਉ ਉਹ ਮੂਲ ਨਾ ਮਿਲਸੀ,
ਮੈਂ ਜਿਸ ਦੀ ਆਸ ਖਲੀ ?
ਨਿੱਕੀ ਜਹੀ ਮੈਂ ਕਲੀ ।