ਮੁਖ ਸ਼ਬਦ
ਵਲੋਂ-ਸ: ਕਪੂਰ ਸਿੰਘ ਐਮ. ਏ. (ਕੈਂਟਬ), ਐਮ. ਏ. (ਪੰਜਾਬੀ), ਆਈ. ਸੀ. ਐਸ.
ਪੰਜ ਦਰਿਆ ਦਾ ਮੋਹਨ ਸਿੰਘ ਆਪਣੀਆਂ ਕਵਿਤਾਵਾਂ ਦਾ ਇਕ ਹੋਰ ਸੰਗ੍ਰਹਿ ਪੰਜਾਬੀ ਜਨਤਾ ਦੇ ਸਾਹਮਣੇ ਰਖਦਾ ਹੈ । ਉਸਦੀਆਂ ਪਹਿਲੀਆਂ ਰਚਨਾਵਾਂ ਦੇ ਰਸੀਏ, ਜਿਨ੍ਹਾਂ ਦੀ ਗਿਣਤੀ ਬਹੁਤ ਹੈ, ਇਸ ਸੰਗ੍ਰਹਿ ਵਿਚ ਵੀ ਰੰਗਾਂ ਦੀ ਉਹੀ ਭਿੰਨਤਾ ਤੇ ਸੁਗੰਧੀ ਦੀ ਉਹੀ ਬਹੁਲਤਾ ਦੇਖਣਗੇ । ਸਗੋਂ ਇਕ ਵਾਧਾ ਵੀ। ਉਹ ਹੈ ਇਕ ਖ਼ਾਸ ਤਰ੍ਹਾਂ ਦੀ ਨਵੀਨਤਾ ਤੇ ਤਾਕਤ ਜੋ ਨਾ ਸਿਰਫ ਕਵੀ ਦੀ ਵਧੇਰੇ ਪਕੀ ਤੇ ਰਸੀ ਹੋਈ ਸ਼ਖਸੀ ਅਤ ਦੀ ਸੂਚਕ ਹੈ, ਸਗੋਂ ਉਸ ਦੀ ਅਜੋਕੀ ਯੋਰਪੀਨ ਕਵਿਤਾ ਨਾਲ ਡੂੰਘੀ ਤੇ ਅਨੇਕ-ਪੱਖੀ ਜਾਣਕਾਰੀ ਦਾ ਸਬੂਤ ਵੀ ਦਿੰਦੀ ਹੈ। ਇਕ ਗੀਤਕਾਰ ਦੇ ਤੌਰ ਤੇ ਤਾਂ ਉਹ ਅਗੇ ਹੀ ਆਪਣੀ ਤਾਕਤ ਪ੍ਰਗਟ ਕਰ ਚੁਕਾ ਹੈ, ਪਰ ਇਨ੍ਹਾਂ ਕਵਿਤਾਵਾਂ ਵਿਚ ਉਹ ਆਦਰਸ਼ਵਾਦ ਦੇ ਧੁੰਧਲੇ ਸੁਪਨ-ਦੇਸ਼ਾਂ ਤੇ ਕਵੀ ਦੀ ਸੁਨਹਿਨੀ ਕਲਪਨਾ ਦੇ ਮੁਕਾਬਲੇ ਵਿਚ ਗ਼ਮ ਭਰੇ ਤਜਰਬੇ, ਮਾਯਾ ਦੀ ਅਸਥਿਰਤਾ ਅਤੇ ਜੀਵਨ ਦੀਆਂ ਸਖ਼ਤ ਹਕੀਕਤਾਂ ਦੀਆਂ ਤਿਖੀਆਂ ਤੇ ਅਪਧਰੀਆਂ ਨੋਕਾਂ ਦਾ ਵੀ ਜ਼ਿਕਰ ਕਰਦਾ ਹੈ। ਇਹ ਆਖ਼ਰੀ ਪਹਿਲੂ ਮੇਰੇ ਖ਼ਿਆਲ ਵਿਚ, ਅਜ ਕਲ ਦੀ ਕਵਿਤਾ ਨੂੰ, ਜਿਵੇਂ ਕਿ ਉਹ ਉਤਰੀ ਯੂਰਪ ਦੇ ਦੇਸਾਂ ਵਿਚ ਸਮਝੀ ਜਾਂਦੀ ਹੈ, ਅਤੇ ਨੀਯਤ ਰੂਪਾਂ ਤੇ ਗਿਣੇ ਮਿਥੇ ਅਨੁਭਵਾਂ ਵਾਲੀ ਰਵਾਇਤੀ ਕਵਿਤਾ ਨੂੰ ਨਿਖੇੜਦਾ ਹੈ।