

ਭਾਈ ਜਾਂ ਹੋਰ ਰਿਸ਼ਤੇਦਾਰ ਬੈਠਦੇ ਸਨ। ਜੰਨ ਚੜ੍ਹਣ ਸਮੇਂ ਭੈਣਾਂ ਗੀਤ ਗਾਉਂਦੀਆਂ ਸਨ-
ਜਿਨ੍ਹੀਂ ਰਾਹੀਂ ਮੇਰਾ ਵੀਰ ਜੰਨ ਚੜ੍ਹਿਆ,
ਉਨ੍ਹਾਂ ਰਾਹਾਂ ਦਾ ਰੇਤਾ ਖੰਡ ਬਣਿਆ।
ਜੇਕਰ ਲਾੜਾ ਘੋੜੀ ਤੇ ਬੈਠ ਕੇ ਜਾਂਦਾ ਸੀ ਤਾਂ ਭੈਣਾਂ ਗੀਤ ਗਾਉਂਦੀਆਂ ਸਨ-
ਹੋਰਾਂ ਦੇ ਵੀਰੇ ਚੜ੍ਹਗੇ ਊਠਾਂ ਤੇ,
ਮੇਰੇ ਵੀਰ ਦੀ ਘੋੜੀ।
ਜੰਨ ਮੇਰੇ ਵੀਰੇ ਦੀ,
ਸਿਖਰ ਦੁਪਹਿਰੇ ਤੋਰੀ।
ਜੇਕਰ ਵਿਆਂਹਦੜ ਰਥ ਵਿਚ ਬੈਠਦਾ ਸੀ ਤਾਂ ਗੀਤ ਗਾਉਂਦੀਆਂ ਸਨ-
ਸੋਹਣਾ ਵਿਆਂਹਦੜ ਰਥ ਵਿਚ ਬਹਿ ਗਿਆ,
ਹੇਠ ਚਤਹੀ ਵਿਛਾ ਕੇ।
ਵੀਰ ਉਹਦੇ ਸਭ ਚੜ੍ਹ ਗਏ ਊਠਾਂ ਤੇ,
ਝਾਂਜਰਾਂ ਛੋਟੀਆਂ ਪਾ ਕੇ।
ਰਥ ਗੱਡੀਆਂ ਦਾ ਅੰਤ ਨਾ ਕਾਈ,
ਜਾਨੀ ਚੜ੍ਹ ਗਏ ਸਜ ਸਜਾ ਕੇ।
ਜੰਨ ਆਈ ਜਦ ਕੁੜੀਆਂ ਨੇ ਵੇਖੀ,
ਆਈਆਂ ਹੁੰਮ ਹੁਮਾ ਕੇ।
ਵਿਆਂਹਦੜ ਫੁੱਲ ਵਰਗਾ,
ਵੇਖ ਲੈ ਵਿਆਹੁਲੀਏ ਆ ਕੇ।
ਜੰਨ ਤੋਰਨ ਪਿੱਛੋਂ ਨਗਰ ਖੇੜੇ ਦੀ ਸੁੱਖ ਮੰਗਣ ਦੇ ਗੀਤ ਗਾਏ ਜਾਂਦੇ ਸਨ-
ਸੁੱਖ ਵਸਦੀ ਵੇ ਬਾਬਾ ਥੋਡੀ ਨਗਰੀ,
ਜੀ ਸੁੱਖ ਵਸਦੀ ਜੀ।
ਰਾਤ ਨੂੰ ਨਾਨਕੀਆਂ ਜਾਗੋ ਕੱਢਦੀਆਂ ਸਨ, ਛੱਜ ਕੁੱਟਦੀਆਂ ਸਨ, ਗਿੱਧਾ ਪਾਉਂਦੀਆਂ ਸਨ।
ਸ਼ਾਮ ਨੂੰ ਜੰਨ ਸਹੁਰੇ ਪਿੰਡ ਪਹੁੰਚਦੀ ਸੀ। ਘੋੜੀਆਂ, ਊਠਾਂ ਵਾਲੇ ਸਾਰੇ ਪਿੰਡ ਉਤੋਂ ਦੀ ਗੇੜਾ ਦਿੰਦੇ ਸਨ। ਫੇਰ ਕੁੜੀ ਵਾਲਿਆਂ ਦੀ ਪੰਚਾਇਤ ਆ ਕੇ ਜੰਨ ਨੂੰ ਜੀ ਆਇਆ ਕਹਿੰਦੀ ਸੀ । ਮੁੰਡੇ ਦੇ ਬਾਪ ਅਤੇ ਮਾਮੇ ਦੀ ਖੇਸ ਉਪਰ ਇਕ ਰੁਪਇਆ ਰੱਖ ਕੇ ਮਿਲਣੀ ਕੀਤੀ ਜਾਂਦੀ ਸੀ । ਜੰਨ ਫੇਰ ਆਪਣੇ ਉਤਾਰੇ ਵਾਲੀ ਥਾਂ ਪਹੁੰਚਦੀ ਸੀ।