

ਵਾਟਰ ਵਰਕਸ ਦੀਆਂ ਟੂਟੀਆਂ ਲੱਗੀਆਂ ਹੋਈਆਂ ਹਨ। ਬਹੁਤੇ ਲੋਕਾਂ ਨੇ ਆਪਣੇ ਘਰਾਂ ਉਪਰ ਸੀਮੈਂਟ ਦੀਆਂ ਟੈਂਕੀਆਂ ਬਣਾਈਆਂ ਹੋਈਆਂ ਹਨ ਜਾਂ ਪਲਾਸਟਿਕ ਦੀਆਂ ਟੈਂਕੀਆਂ ਰੱਖੀਆਂ ਹੋਈਆਂ ਹਨ। ਇਸ ਲਈ ਕੋਈ ਵੀ ਪਰਿਵਾਰ ਹੁਣ ਪਾਣੀ ਘੜਿਆਂ ਵਿਚ ਨਹੀਂ ਰੱਖਦਾ। ਲੋੜ ਅਨੁਸਾਰ ਪਾਣੀ ਸਿੱਧਾ ਨਲਕਿਆਂ ਜਾਂ ਟੂਟੀਆਂ ਤੋਂ ਲੈ ਕੇ ਵਰਤ ਲੈਂਦੇ ਹਨ ਜਾਂ ਲੋਹੇ, ਪਿੱਤਲ, ਸਟੀਲ ਜਾਂ ਪਲਾਸਟਿਕ ਦੀਆਂ ਬਾਲਟੀਆਂ ਵਿਚ ਭਰ ਕੇ ਰੱਖ ਲੈਂਦੇ ਸਨ। ਦਾਲਾਂ ਹੁਣ ਕੁੱਜਿਆਂ ਦੀ ਥਾਂ ਬਹੁਤੀਆਂ ਕੂਕਰਾਂ ਜਾਂ ਪਤੀਲਿਆਂ ਵਿਚ ਬਣਾਈਆਂ ਜਾਂਦੀਆਂ ਹਨ। ਲੱਸੀ ਪੀਣ ਦਾ ਰਿਵਾਜ ਹੁਣ ਦਿਨੋ ਦਿਨ ਘਟ ਰਿਹਾ ਹੈ। ਜੇਕਰ ਖੇਤ ਕਿਸੇ ਨੇ ਰੋਟੀ ਦੇ ਨਾਲ ਲੱਸੀ ਲੈ ਕੇ ਜਾਣੀ ਹੋਵੇ, ਉਹ ਬਲ੍ਹਣੀ ਝੱਕਰੇ ਦੀ ਥਾਂ ਪਿੱਤਲ, ਸਟੀਲ ਜਾਂ ਅਲਮੂਨੀਅਮ ਦੇ ਡੋਲੂ ਵਿਚ ਲੈ ਕੇ ਜਾਂਦੇ ਹਨ। ਜਿਥੇ ਪਹਿਲਾਂ ਘਰ ਦੀਆਂ ਦਾਲਾਂ, ਲੂਣ, ਮਿਰਚ, ਮਸਾਲੇ, ਰਸੋਈ ਤੇ ਘਰ ਦਾ ਹੋਰ ਸਮਾਨ ਮਿੱਟੀ ਦੇ ਛੋਟੇ ਵੱਡੇ ਭਾਂਡਿਆਂ ਵਿਚ ਰੱਖਿਆ ਜਾਂਦਾ ਸੀ, ਉਹ ਹੁਣ ਲੋਹੇ, ਸਟੀਲ, ਅਲਮੂਨੀਅਮ ਤੇ ਪਲਾਸਟਿਕ ਦੇ ਪੀਪੇ, ਢੋਲੀਆਂ ਆਦਿ ਵਿਚ ਰੱਖਿਆ ਜਾਂਦਾ ਹੈ।
ਪਹਿਲੇ ਸਮਿਆਂ ਦਾ ਅਖਾਣ 'ਘੁਮਿਆਰੀ ਆਪਣੇ ਭਾਂਡੇ ਨੂੰ ਹੀ ਸਲਾਹੁੰਦੀ ਹੈ' ਦੀ ਵਰਤੋਂ ਹੁਣ ਕਿਸ ਨੇ ਕਰਨੀ ਹੈ? ਕਿਉਂ ਜੋ ਮਿੱਟੀ ਦੇ ਭਾਂਡੇ ਤਾਂ ਹੁਣ ਬਣਨੇਂ ਹੀ ਹਟਦੇ ਜਾ ਰਹੇ ਹਨ।
0
ਘੁਲਾੜੀ/ਵੇਲਨਾ
ਘੁਲਾੜੀ ਨਾਲ ਗੰਨੇ ਪੀੜ ਕੇ, ਰਸ ਕੜਾਹੇ ਵਿਚ ਕਾੜ੍ਹ ਕੇ ਗੁੜ ਬਣਾਇਆ ਜਾਂਦਾ ਸੀ। ਘੁਲਾੜੀ ਬਾਰੇ ਦੱਸਣ ਤੋਂ ਪਹਿਲਾਂ ਮੈਂ ਪੁਰਾਣੇ ਸਮਿਆਂ ਵਿਚ ਗੁੜ ਦੀ ਕੀ ਮਹੱਤਤਾ ਹੁੰਦੀ ਸੀ, ਦੱਸਣਾ ਯੋਗ ਸਮਝਦਾ ਹਾਂ। ਗੁੜ ਦੀ ਉਸ ਸਮੇਂ ਹਰ ਥਾਂ ਪ੍ਰਧਾਨਤਾ ਹੁੰਦੀ ਸੀ। ਹਰ ਕੰਮ ਗੁੜ ਜਾਂ ਸ਼ੱਕਰ ਵੰਡ ਕੇ ਸ਼ੁਰੂ ਕੀਤਾ ਜਾਂਦਾ ਸੀ। ਘਰ ਦੀ ਨੀਂਹ ਰੱਖਣ ਸਮੇਂ, ਛੱਤ ਪਾਉਣ ਸਮੇਂ ਵੀ ਗੁੜ ਹੀ ਵੰਡਿਆ ਜਾਂਦਾ ਸੀ। ਗੁੜ/ ਸ਼ੱਕਰ ਦੀ ਡਲੀ ਨਾਲ ਰਿਸ਼ਤੇ ਕੀਤੇ ਜਾਂਦੇ ਸਨ। ਜਦ ਕੁੜੀਆਂ, ਬਹੂਆਂ, ਬੁੜੀਆਂ ਵਿਆਹ ਤੋਂ ਕਈ ਮਹੀਨੇ ਪਹਿਲਾਂ ਗੀਤ ਗਾਉਣੇ ਸ਼ੁਰੂ ਕਰਦੀਆਂ ਸਨ, ਉਨ੍ਹਾਂ ਨੂੰ ਗੀਤ ਗਾਉਣ ਤੋਂ ਪਿਛੋਂ ਗੁੜ ਦੇ ਕੇ ਹੀ ਵਿਦਾ ਕੀਤਾ ਜਾਂਦਾ ਸੀ। ਵਿਆਹ ਸਮੇਂ ਗੁੜ ਦੇ ਕੜਾਹ ਦੇ ਸ਼ਰੀਕੇ, ਕਬੀਲੇ ਨੂੰ ਪਰੋਸੇ ਦਿੱਤੇ ਜਾਂਦੇ ਸਨ। ਗੁੜ ਦੇ ਗੁਲਗਲੇ ਪਕਾਏ ਜਾਂਦੇ ਸਨ। ਬੱਚੇ ਦੇ ਜਨਮ ਸਮੇਂ ਵੀ ਗੁੜ ਦੀ ਭੇਲੀ ਦਿੱਤੀ ਜਾਂਦੀ ਸੀ। ਗੁੜ ਨਾਲ ਹੀ ਲੋਹੜੀ ਵੰਡੀ ਜਾਂਦੀ ਸੀ। ਗੁੜ, ਸ਼ੱਕਰ ਉਸ ਸਮੇਂ ਖ਼ੁਰਾਕ ਦਾ ਜ਼ਰੂਰੀ ਹਿੱਸਾ ਹੁੰਦਾ ਸੀ।