

ਤ੍ਰਿੰਝਣ
ਆਂਢ ਗੁਆਂਢ ਦੀਆਂ ਕੁੜੀਆਂ ਦਾ ਇਕ ਥਾਂ 'ਕੱਠਿਆਂ ਹੋ ਕੇ ਛੋਪ ਪਾ ਕੇ ਕੱਤਣ ਨੂੰ ਤ੍ਰਿੰਝਣ ਕਹਿੰਦੇ ਸਨ/ਹਨ। ਸ਼ੁਰੂ ਸ਼ੁਰੂ ਵਿਚ ਜਦ ਹਰ ਕੰਮ ਹੱਥੀਂ ਕੀਤਾ ਜਾਂਦਾ ਸੀ, ਮਸ਼ੀਨੀ ਯੁੱਗ ਅਜੇ ਨਹੀਂ ਆਇਆ ਸੀ, ਉਸ ਸਮੇਂ ਤਨ ਢਕਣ ਲਈ ਕੱਪੜਾ ਤਿਆਰ ਕਰਨ ਲਈ ਰੂੰ ਵਿਚੋਂ ਧਾਗਾ ਚਰਖਿਆਂ ਰਾਹੀਂ ਕੱਤ ਕੇ ਬਣਾਇਆ ਜਾਂਦਾ ਸੀ। ਹਰ ਘਰ ਕਈ ਕਈ ਚਰਖੇ ਹੁੰਦੇ ਸਨ। ਕੁੜੀਆਂ, ਬਹੂਆਂ ਤੇ ਬੁੜੀਆ ਘਰਾਂ ਵਿਚ ਚਰਖੇ ਕੱਤਦੀਆ ਹੁੰਦੀਆਂ ਸਨ। ਉਨ੍ਹਾਂ ਸਮਿਆਂ ਵਿਚ ਪਿੰਡ ਸਵੈ- ਨਿਰਭਰ ਹੁੰਦੇ ਸਨ। ਬਹੁਤ ਹੀ ਘੱਟ ਵਸਤਾਂ ਸ਼ਹਿਰਾਂ ਵਿਚੋਂ ਲਿਆਂਦੀਆਂ ਜਾਂਦੀਆਂ ਸਨ। ਮਨੁੱਖੀ ਵਸੋਂ ਦੀਆਂ ਮੁਢਲੀਆਂ ਤਿੰਨੇ ਲੋੜਾਂ ਰੋਟੀ, ਕੱਪੜਾ ਅਤੇ ਮਕਾਨ ਦੀਆਂ ਪਿੰਡਾਂ ਵਿਚ ਹੀ ਪੂਰੀਆਂ ਹੋ ਜਾਂਦੀਆਂ ਸਨ। ਕਪਾਹ ਨੂੰ ਵੇਲ੍ਹ ਕੇ, ਤੁੰਬ ਕੇ ਸੂਤ ਚਰਖਿਆਂ ਰਾਹੀਂ ਕੱਤਿਆ ਜਾਂਦਾ ਸੀ। ਏਸ ਸੂਤ ਤੋਂ ਕੱਪੜਾ ਤਿਆਰ ਕੀਤਾ ਜਾਂਦਾ ਸੀ। ਏਸ ਕੱਪੜੇ ਨੂੰ ਖੱਦਰ ਦਾ ਕੱਪੜਾ ਕਹਿੰਦੇ ਸਨ।
