ਕਹਾਣੀ ਇਸ਼ਕ ਹਕੀਕੀ ਦੀ
ਉਮਾ ਤ੍ਰਿਲੋਕ ਦੀ ਲਿਖੀ 'ਅੰਮ੍ਰਿਤਾ-ਇਮਰੋਜ਼’ ਅੰਮ੍ਰਿਤਾ ਪ੍ਰਤੀ ਪਿਆਰ ਅਤੇ ਸ਼ਰਧਾ ਦੀ ਇਕ ਭਾਵੁਕ ਪ੍ਰਤੀਕਿਰਿਆ ਤੋਂ ਸ਼ੁਰੂ ਹੁੰਦੀ ਹੈ, ਪਰ ਅੱਗੇ ਚਲ ਕੇ ਅੰਮ੍ਰਿਤਾ ਇਮਰੋਜ਼ ਦੇ ਰਿਸ਼ਤੇ, ਇਸ ਰਿਸ਼ਤੇ ਪ੍ਰਤੀ ਸਮਾਜਿਕ ਰੋਸ, ਘਰ-ਪਰਿਵਾਰ ਵੱਲੋਂ ਮੰਗੀ ਗਈ ਕੀਮਤ ਅਤੇ ਅੰਮ੍ਰਿਤਾ ਦੀ ਸਿਰਜਣਾਤਮਿਕਤਾ ਦੇ ਨਾਲ ਇਹਨਾਂ ਗੱਲਾਂ ਦੇ ਗਹਿਰੇ ਸੰਬੰਧਾਂ ਨੂੰ ਉਮਾ ਤ੍ਰਿਲੋਕ ਨੇ ਸਿਰਫ਼ ਸਮਝਿਆ ਅਤੇ ਪਛਾਣਿਆ ਹੀ ਨਹੀਂ ਸਗੋਂ ਇਹਨਾਂ ਸਾਰੀਆਂ ਗੱਲਾਂ ਦੀ ਸਹੀ ਪਛਾਣ ਕਰਾਉਣ ਲਈ ਉਹਨੇ ਇਸ ਕਿਤਾਬ ਵਿਚ ਅੰਮ੍ਰਿਤਾ ਅਤੇ ਇਮਰੋਜ਼ ਨੂੰ ਵਿਸਥਾਰ ਨਾਲ ਰੂਪਮਾਨ ਕੀਤਾ ਹੈ।
ਹੀਰ ਦੇ ਸਮੇਂ ਤੋਂ ਜਾਂ ਉਸ ਤੋਂ ਵੀ ਪਹਿਲੋਂ ਵੇਦਾਂ-ਉਪਨਿਸ਼ਦਾਂ ਦੇ ਸਮੇਂ ਤੋਂ, ਗਾਰਗੀ ਤੋਂ ਲੈ ਕੇ ਹੁਣ ਤਕ ਕਈ ਔਰਤਾਂ ਨੇ ਆਪਣੀ ਮਰਜ਼ੀ ਨਾਲ ਜੀਣ ਅਤੇ ਆਪਣੇ ਢੰਗ ਨਾਲ ਸੋਚਣ ਦੀ ਜੁਰਅਤ ਤਾਂ ਕੀਤੀ ਹੈ, ਪਰ ਉਹਨਾਂ ਦੀ ਜੁਰਅਤ ਨੂੰ ਪਰਵਾਨ ਨਹੀਂ ਚੜ੍ਹਨ ਦਿੱਤਾ ਗਿਆ ਅਤੇ ਅੰਤ ਦੁਖਦਾਈ ਹੀ ਹੋਇਆ। ਗਾਰਗੀ ਦਾ ਸਿਰਫ਼ ਨਾਮ ਹੀ ਸਾਡੇ ਤਕ ਪਹੁੰਚਿਆ ਹੈ, ਉਸਦੀ ਕੋਈ ਰਚਨਾ ਨਹੀਂ। ਹੀਰ ਨੂੰ ਤਾਂ ਜ਼ਹਿਰ ਹੀ ਪੀਣਾ ਪੈ ਗਿਆ।
ਅੱਜ ਦੀ ਔਰਤ ਦਾ ਇਹ ਸੁਪਨਾ ਹੈ ਕਿ ਉਹ ਸਿਰਫ਼ ਸੌਂਪੇ ਹੋਏ 'ਰੋਲ ਨੂੰ ਹੀ ਨਾ ਨਿਭਾਉਂਦੀ ਰਹੇ, ਸਗੋਂ 'ਆਪ' ਬਣ ਕੇ ਜਿਊ ਵੀ ਸਕੇ। ਹਾਲਾਤ ਦੀਆਂ ਤਲਖ਼ੀਆਂ ਤੇ ਮਜਬੂਰੀਆਂ ਦੇ ਕਾਰਨ ਅਤੇ ਹਿੰਮਤ-ਹੌਂਸਲੇ ਦੀ ਘਾਟ ਦੇ ਕਾਰਨ ਉਸਦਾ ਇਹ ਸੁਪਨਾ ਸਿਰਫ਼ ਸੁਪਨਾ ਬਣ ਕੇ ਹੀ ਰਹਿ ਜਾਂਦਾ ਹੈ। ਉਹ ਅੰਮ੍ਰਿਤਾ-ਇਮਰੋਜ਼ ਵਿਚ ਆਪਣੇ ਸੁਪਨੇ ਦੀ ਪੂਰਤੀ ਵੇਖਦੀ ਹੈ।
ਅੰਮ੍ਰਿਤਾ ਦੀਆਂ ਜੜ੍ਹਾਂ ਵੀ ਪਰੰਪਰਾ ਵਿਚ ਸਨ, ਇਸੇ ਕਾਰਨ ਉਹ ਵਿਦਰੋਹ ਤੋਂ ਘਬਰਾ ਕੇ ਖ਼ੁਦ ਹੀ ਇਸ ਦਾ ਕਾਰਨ ਕਦੀ ਕਦੀ ਹੱਥਾਂ ਦੀਆਂ ਲਕੀਰਾਂ, ਗ੍ਰਹਿ ਚੱਕਰਾਂ ਜਾਂ ਜਨਮਾਂ ਦੇ ਲੇਖੇ-ਜੋਖਿਆਂ ਵਿਚੋਂ ਲੱਭਣ ਲੱਗ ਪੈਂਦੀ ਸੀ। ਅੱਜ ਤੋਂ ਸੱਠ-ਪੈਂਹਠ ਵਰ੍ਹੇ ਪਹਿਲਾਂ, ਅੰਮ੍ਰਿਤਾ-ਇਮਰੋਜ਼ ਦੀ ਨੌਜਵਾਨੀ ਦੇ ਵੇਲੇ ਇਹਨਾਂ ਗੱਲਾਂ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਜਾਂਦਾ ਸੀ, ਪਰ ਅੱਜ ਉਮਾ ਤ੍ਰਿਲੋਕ ਵਰਗੀਆਂ ਸੁਆਣੀਆਂ ਆਪਣੇ ਘਰ-ਬਾਰ ਦੀ ਨਰਾਜ਼ਗੀ ਝੱਲਣ ਤੋਂ ਬਿਨਾਂ ਹੀ ਅੰਮ੍ਰਿਤਾ-ਇਮਰੋਜ਼ ਦੇ ਗ਼ੈਰ- ਸਮਾਜਿਕ ਰਿਸ਼ਤੇ ਦੀ ਸਿਫ਼ਤ ਕਰ ਸਕਦੀਆਂ ਨੇ।