(੧੦) ਮੰਗ ਮੰਗਣੀ- ਅੱਜ ਕਲ੍ਹ ਇਕ ਖਰਾਬੀ ਪੈਦਾ ਹੋ ਰਹੀ ਹੈ, ਉਹ ਇਹ ਕਿ ਪੜ੍ਹੇ-ਲਿਖੇ ਤੇ ਖਾਨਦਾਨੀ ਮੁੰਡੇ ਜਾਂ ਉਹਨਾਂ ਦੇ ਮਾਂ-ਪਿਉ ਰਿਸ਼ਤਾ ਕਰਨ ਸਮੇਂ ਪੁੱਛਦੇ ਹਨ, ਕਿਤਨਾ ਰੁਪਿਆ ਨਕਦ, ਗਹਿਣੇ, ਕੱਪੜੇ ਤੇ ਮੋਟਰ ਆਦਿ ਦਿਓਗੇ ? ਇਹ ਰਿਵਾਜ ਪਹਿਲੇ ਬੰਗਾਲ ਤੇ ਸਿੰਧ ਦੇ ਹਿੰਦੂਆਂ ਵਿਚ ਸੀ, ਹੁਣ ਪੰਜਾਬ ਦੇ ਕਈ ਚੰਗੇ ਘਰਾਣਿਆਂ ਵਿੱਚ ਆ ਰਿਹਾ ਹੈ । ਇਸ ਨਾਲ ਗਰੀਬਾਂ ਜਾਂ ਵਿਚਲੇ ਮੇਲ ਦੇ ਆਦਮੀਆਂ ਲਈ ਲੜਕੀਆਂ ਦੇ ਰਿਸ਼ਤੇ ਕਰਨੇ ਕਠਨ ਹੋ ਜਾਂਦੇ ਹਨ। ਗੁਰਮਤਿ ਅਨੁਸਾਰ ਲੜਕੀ ਦਾ ਪੈਸਾ ਲੈਣਾ ਪਾਪ ਹੈ ਤਾਂ ਲੜਕੇ ਦਾ ਮੁੱਲ ਪੁਆਉਣਾ ਵੀ ਪਾਪ ਹੈ। ਇਹ ਇਕ ਭਾਰੀ ਸਮਾਜਕ ਬੁਰਾਈ ਹੈ । ਵਿਆਹ ਜਾਂ ਗ੍ਰਹਿਸਥੀ ਜੀਵਨ ਦਾ ਸਬੰਧ ਲੜਕੀ ਦੀ ਸਹੀ ਚੋਣ ਕਰਨਾ ਹੈ, ਨਾ ਕਿ ਰੁਪਿਆ ਲੈਣਾ।
(੧੧) ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਘਟਾਉਣ ਵਾਲੀਆਂ ਕੁਝ ਕੁਰੀਤੀਆਂ :-
(ਓ) ਗਦੇਲਾ ਵਿਛਾਉਣਾ- ਆਮ ਵੇਖਣ ਵਿੱਚ ਆਉਂਦਾ ਹੈ ਕਿ ਅਨੰਦ ਕਾਰਜ ਦੇ ਸਮੇਂ ਲੜਕੀ ਅਤੇ ਲੜਕੇ ਲਈ ਵੱਖਰੀ ਚਾਦਰ ਤੇ ਵੱਖਰਾ ਗਦੇਲਾ ਵਿਛਾਇਆ ਜਾਂਦਾ ਹੈ ਜੋ ਸੰਗਤ ਵਿਚ ਬਰਾਬਰੀ ਦੇ ਅਸੂਲ ਤੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਉਲਟ ਹੈ। ਦੰਪਤੀ ਜੋੜੇ ਨੇ ਗੁਰੂ ਦਰ ਤੇ ਨਿਰਮਾਣ ਹੋ ਕੇ ਵਿਆਹੁਤਾ ਜੀਵਨ ਲਈ ਅਸ਼ੀਰਵਾਦ ਲੈਣ ਆਉਣਾ ਹੈ । ਇਸ ਲਈ ਉਸ ਲਈ ਵੱਖਰਾ ਗਦੇਲਾ ਵਿਛਾਉਣਾ ਮਨਮਤ ਹੈ ।
(ਅ) ਲੜਕੇ ਦਾ ਗੁਰੂ ਦਰਬਾਰ ਵਿਚ ਸਿਹਰਾ ਜਾਂ ਕਲਗੀ ਲਾ ਕੇ ਬੈਠਣਾ, ਲੜਕੀ ਦਾ ਘੁੰਡ ਕੱਢਣਾ ਦੋਵੇਂ ਗੱਲਾਂ ਗੁਰਮਤਿ ਵਿਰੁੱਧ ਹਨ ਜੋ ਨਹੀਂ ਹੋਣੀਆਂ ਚਾਹੀਦੀਆਂ।
(ੲ) ਆਸਰਾ ਦੇਣਾ:- ਲਾਵਾਂ ਦੇ ਸਮੇਂ ਕਈ ਅਨਜਾਣ ਸੱਜਣ, ਸਬੰਧੀ ਅਤੇ ਮਿੱਤਰ ਲੜਕੀ ਨੂੰ ਆਸਰਾ ਦੇਣ ਵਾਸਤੇ ਖੜੇ ਹੋ ਜਾਂਦੇ ਹਨ, ਜੋ ਨਹੀਂ ਹੋਣੇ ਚਾਹੀਦੇ। ਲੜਕੇ-ਲੜਕੀ ਨੂੰ ਸਵੈ-ਨਿਰਭਰ ਹੋ ਕੇ ਗੁਰੂ ਗ੍ਰੰਥ ਸਾਹਿਬ ਦੁਆਲੇ ਪ੍ਰਕਰਮਾ ਕਰਨੀਆਂ ਚਾਹੀਦੀਆਂ ਹਨ ।
ਆਸਰਾ ਦੇਣ ਵਾਲੀ ਰੀਤੀ ਅਸਲ ਵਿੱਚ ਪੁਰਾਤਨ ਬਾਲ ਵਿਆਹ ਦੀ ਸੂਚਕ ਹੈ । ਜਦੋਂ ਬਹੁਤ ਸਾਰੇ ਬੱਚਿਆਂ ਨੂੰ ਗੋਦੀਆਂ ਵਿੱਚ ਲੈ ਕਰ ਕੇ ਪ੍ਰਣਾਇਆ ਜਾਂਦਾ ਸੀ । ਸਿੱਖ ਧਰਮ ਵਿੱਚ ਬਾਲ-ਵਿਆਹ ਵਾਸਤੇ ਕੋਈ ਥਾਂ ਨਹੀਂ।
(ਸ) ਫੁੱਲ ਵਰਖਾ:- ਚੌਥੀ ਲਾਵ ਦੇ ਆਰੰਭ ਵਿਚ ਲੜਕੀ ਲੜਕੇ ਉਪਰ ਫੁੱਲ ਵਰਖਾ ਦੀ ਇਕ ਰੀਤ ਚਾਲੂ ਹੁੰਦੀ ਜਾ ਰਹੀ ਹੈ, ਜਿਸ ਤੋਂ ਬਚਣਾ ਬਹੁਤ ਜਰੂਰੀ ਹੈ। ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਕਿਸੇ ਵਿਅਕਤੀ ਤੇ ਫੁੱਲਾਂ ਦੀ ਵਰਖਾ ਕਰਨੀ ਗੁਰੂ ਸਾਹਿਬ ਦੇ ਸਤਿਕਾਰ ਨੂੰ ਘਟਾਉਣਾ ਹੈ । ਜੇ ਫੁੱਲਾਂ ਦੀ ਵਰਖਾ ਜ਼ਰੂਰੀ ਕਰਨੀ ਹੋਵੇ ਤਾਂ ਲਾਵਾਂ ਹੋ ਚੁੱਕਣ ਤੋਂ ਬਾਅਦ ਗੁਰਦੁਆਰੇ ਤੋਂ ਬਾਹਰ ਆ ਕੇ ਜੋੜੀ' ਤੇ ਫੁੱਲਾਂ ਦੀ ਵਰਖਾ ਕੀਤੀ ਜਾ ਸਕਦੀ
(ਹ) ਹਾਰ ਪਾਉਣੇ - ਅਨੰਦ ਕਾਰਜ ਦੇ ਅੰਤ ਵਿਚ ਲੜਕੀ ਲੜਕੇ ਦੇ ਗਲਾਂ ਵਿਚ ਹਾਰ ਪਾਉਣੇ, ਫੋਟੋਆਂ ਖਿੱਚਣ ਦਾ ਵਿਖਾਲਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਕਰਨਾ ਸ਼ੋਭਨੀਕ ਨਹੀਂ, ਇਹ ਗੁਰੂ ਸਾਹਿਬ ਦੇ ਸਤਿਕਾਰ ਨੂੰ ਘਟਾਉਂਦਾ ਹੈ । ਇਸ ਪਾਪ ਤੋਂ ਬਚਣ ਲਈ ਅਨੰਦ