ਆਰਤੀ ਦੇ ਮਗਰੋਂ ਸਾਰੇ ਸਜਣ ਬਿਰਾਜ ਗਏ, ਪਰ ਬਾਹਰ ਖੜੇ ਸਾਰੇ ਦਿੱਬ ਰੂਪੀ ਨਿਵੇਂ ਖੜੇ ਹਨ ਅਰ ਕੀਰਤਨ ਕਰ ਰਹੇ ਹਨ, ਜਿਸ ਦੀ ਮਧੁਰ ਧੁਨੀ ਤੰਬੂਰੇ ਦੀ ਗੂੰਜ ਵਾਂਙੂ ਅੰਦਰ ਜਾ ਰਹੀ ਹੈ।
ਤਖ਼ਤ ਪਰ ਉਹੋ ਮਾਤ ਲੋਕ ਵਿਚ ਵਿਚਰਨ ਵਾਲੇ ਪ੍ਰੀਤਮ, ਪਰ ਅਸਲ ਵਿਚ ਸਾਰੇ ਅਰਸ਼ਾਂ ਦੇ ਮਾਲਿਕ 'ਅਰਸ਼ੀ ਪ੍ਰੀਤਮ' ਕਲਗ਼ੀਆਂ ਵਾਲੇ, ਸ਼ਕਤੀਆਂ ਵਾਲੇ, ਨੈਣ ਖੁਹਲਕੇ ਨਦਰ ਨਾਲ, ਮਿਹਰ ਦੀ ਨਜ਼ਰ ਨਾਲ, ਤਾਰ ਲੈਣ ਵਾਲੀ ਨਜ਼ਰ ਨਾਲ ਤੱਕ ਰਹੇ ਹਨ। ਆਪ ਦੇ ਖੱਬੇ ਪਾਸੇ ਦੇ ਹੱਥ ਦੀ ਛਾਪ ਵਿਚ ਲਿਖਿਆ ਹੈ 'ਕੁੱਲ ਅਦੇਵ ਸ਼ਕਤੀਆਂ ਪਰ ਹੁਕਮ।' ਸੱਜੇ ਹੱਥ ਦੀ ਛਾਪ ਵਿਚ ਲਿਖਿਆ ‘ਕੁਲ ਦੇਵ ਸ਼ਕਤੀਆਂ ਪਰ ਹੁਕਮ'।
ਹੁਣ ਇਸ ਤਾਰਨਹਾਰ ਤੇ ਉੱਚਮੰਡਲਾਂ ਦੇ ਪ੍ਰੀਤਮ ਜੀ ਦਾ ਮਨ ਬਖਸ਼ਿੰਦ ਤੇ ਪ੍ਰਤਿਪਾਲ ਮਨ ਲਹਿਰੇ ਵਿਚ ਆਇਆ, ਅਵਾਜ਼ ਆਈ ! “ਧੰਨ ਭਾਈ ਬੁੱਢਾ ਛੇ ਜਾਮਿਆਂ ਦਾ ਮਿੱਤ੍ਰ! ਸੱਚਾ ਮਿੱਤ੍ਰ ! ਤੇਰੀ ਪ੍ਰੀਤ, ਤੇਰੀ ਘਾਲ ਸਫਲ । ਵਾਹ ਭਾਈ ਗੁਰਦਾਸ ! ਜ਼ਿੰਦਗੀ ਦੇ ਕਵੀ ਰੱਬੀ ਰਚਨਾਂ ਵਾਲਿਆ ਗੁਰ ਕੀਰਤਨੀਆਂ! ਭਾਈ ਜੀ ! ਭਾਈ ਜੀ ! ਸਦਾ ਥਿਰ ਜੀ! ਤੇ ਸਾਡਾ ਹਸਮੁਖੀਆ ਤੇ ਰੁੱਸ ਰੁੱਸ ਕੇ ਪ੍ਰੀਤ ਕਰਨ ਵਾਲਾ ਸੁੱਚੇ ਮਰਦਾਂ ਦਾ ਮਰਦ ਮਰਦਾਨਾਂ, ਜੰਗਲਾਂ ਵਿਚ ਸਾਥ ਦੇਣ ਵਾਲਿਆ! ਬਈ ਮਿੱਤ੍ਰਾ ! ਏਸ ਦੇਸ਼ ਵਿਚ ਜੀਉ, ਜਿਥੇ ਕਦੇ ਭੁੱਖ ਨਹੀਂ। ਡਿੱਠਾ ਹਈ ਮੈਂ ਕਿਸ ਭੋਜਨ ਆਸਰੇ ਜੀਉਂਦਾ ਸੀ? ਤੂੰ ਬੀ ਹੁਣ ਖਾਹ, 'ਖਾਵਹਿ ਖਰਚਹਿ ਰਲਿ ਮਿਲਿ ਭਾਈ॥ ਤੋਟਿ ਨ ਆਵੈ ਵਧਦੋ ਜਾਈ॥' ਭਾਈ ਨੰਦ ਲਾਲ ਜੀ, ਜ਼ਿੰਦਗੀ ਨਾਮੇ ਆਏ, ਸਾਡੇ ਮਾਤ ਲੋਕ ਦੇ ਕਵੀ ਰਾਜ ਆਏ, ਜੀਉ! ਭਾਈ ਜੀਉ! ਸਦਾ ਜੀਉ।
ਐਸ ਤਰ੍ਹਾਂ ਨਾਲ ਦਸਾਂ ਹੀ ਜਾਮਿਆਂ ਦੇ ਇਕ ਇਕ ਪਿਆਰੇ, ਸਿਰੇ ਚੜ੍ਹੇ, ਭਗਤੀ ਪੁਗਾਏ, ਵੈਰਾਗੀ ਪਰ ਰਸੀਏ ਪੂਰਨ ਹੋਏ ਸਿੱਖਾਂ ਦੇ ਜੋ ਕੇਵਲ ਇਸ ਦਰਬਾਰ ਵਿਚ ਜਗਮਗ ਕਰ ਰਹੇ ਸੇ, ਸਤਿਗੁਰ ਨੇ ਨਾਮ ਲਏ ਤੇ ਵਰ ਦਾਨ ਦਿੱਤੇ। ਘਾਲਾਂ ਜਦੋਂ ਕੀਤੀਆਂ ਤਦੋਂ ਹੀ ਥਾਂ ਪੈ ਗਈਆਂ ਸਨ, ਪਰ ਇਕ ਹੋਰ ਕੌਤਕ ਹੈ ਕਿ ਅੱਜ ਥਾਂ ਪਈਆਂ, ਜਦ ਅਰਸ਼ੀ ਪ੍ਰੀਤਮ ਨੇ ਪਰਵਾਨ ਆਖੀਆਂ। ਪਰਵਾਨ ਬੀ ਅਗੇ ਆਖੀਆਂ ਸਨ, ਪਰ ਅਜ ਕੋਈ ਉਮਾਹ ਦਾ ਵੱਖਰਾ ਚੋਜ ਹੈ। ਅੱਜ ਪਰਵਾਨ ਹੋ ਗਏ, ਪੰਚ ਹੋ ਗਏ, ਪਰਧਾਨ ਹੋ ਗਏ, ਅੱਜ ਸਰੂਪ ਦਰ ਵਿਚ ਪ੍ਰਵਾਨ ਹੋਕੇ ਸੁਹ ਗਏ, ਸੁਹਬ ਗਏ, ਸੁਹਣੇ ਹੋ ਗਏ। ਹਾਂ, ਗੁਰ ਧਿਆਨ ਲਿਵਲੀਨ ਨਾ ਸੁਹਣੇ ਹੋਣ ਤਾਂ ਹੋਰ ਕੌਣ ਹੋਵੇ? ਤੱਕੋ ਸਾਰਿਆਂ ਦੇ ਲਿਬਾਸ ਬਦਲ ਗਏ, ਦਮਕਦੀਆਂ ਤਿੱਲੇ ਦੀਆਂ ਤਾਰਾਂ ਵਰਗੇ ਪ੍ਰਕਾਸ਼ੀ ਲਿਬਾਸ ਉੱਚੇ ਪ੍ਰਕਾਸ਼ ਵਾਲੇ ਹੋ ਗਏ, ਚੜ੍ਹਦੀਆਂ ਕਲਾਂ ਦੇ ਤੁਰਲੇ ਸਭ ਦੀਆਂ ਦਸਤਾਰਾਂ ਵਿਚ ਦਮਕ ਪਏ, ਮਸਤਕਾਂ ਪਰ ‘ਗੁਝੜਾ ਲਧਮੁ ਲਾਲ' ਦੀਆਂ ਮਣੀਆਂ ਲਟਕ ਪਈਆਂ, ਚਿਹਰਿਆਂ ਦੇ ਭਾਵ ਪ੍ਰਤਾਪਸ਼ੀਲ ਹੋ ਗਏ। ਰਾਜਾਨ ਅਰਥਾਤ ਰਾਜਿਆਂ ਵਾਂਙੂ ਪ੍ਰਤਾਪੀ ਤੇ ਜੱਸਵੀ ਤੇ ਸ਼ਕਤੀਮਾਨ ਹੋ ਗਏ, ਪਰ ਪਰਵਾਨ ਹੋਕੇ, ਪਿਆਰੇ ਦੀ ਪ੍ਰੀਤ ਤਾਰ ਵਿਚ, ਪ੍ਰੀਤਮ ਦੇ ਧਿਆਨ ਵਿਚ ਮਗਨ ਤੇ ਆਪ ਨਿਵਾਰੇ ਰੰਗ ਵਿਚ ਉੱਚੇ ਤੋਂ ਉੱਚੇ ਲਹਿਰੇ ਲੈ ਰਹੇ ਤੇ ਸਿਫਤ ਸਲਾਹਾਂ ਨਾਲ ਭਰ ਰਹੇ ਹਨ। ਪਰਵਾਨ ਹੋ ਗਏ, ਪਿਆਰੇ ਵੀਰੋ ! ਤੁਸੀਂ ਧੰਨ ਹੋ, ਵਧਾਈਆਂ ਜੋਗ ਹੋ, ਨਾਮ ਰੱਤੇ ਗੁਰਮੁਖੋ! ਕਿਉਂ ਨਾ ਸੁਖ ਪਾਓ, ਜਦ ਸੁਖ ਦਾਤਾ ਇਹ ਕਹਿ ਆਇਆ ਹੈ:-
ਧੰਨੁ ਧਨੁ ਭਾਗ ਤਿਨਾ ਭਗਤ ਜਨਾ ਜੋ ਹਰਿ ਨਾਮਾ ਹਰਿ ਮੁਖਿ ਕਹਤਿਆ॥ ਧਨੁ ਧਨੁ ਭਾਗ ਤਿਨਾ ਸੰਤ ਜਨਾ ਜੋ ਹਰਿ ਜਸੁ ਸ੍ਰਵਣੀ ਸੁਣਤਿਆ॥ ਧਨੁ ਧਨੁ ਭਾਗ ਤਿਨਾ ਸਾਧ ਜਨਾ ਹਰਿ ਕੀਰਤਨੁ ਗਾਇ ਗੁਣੀ ਜਨ ਬਣਤਿਆ॥ ਧਨੁ ਧਨੁ ਭਾਗ ਤਿਨਾ ਗੁਰਮੁਖਾ ਜੋ ਗੁਰਸਿਖ ਲੈ ਮਨੁ ਜਿਣਤਿਆ॥ ਸਭ ਦੁ ਵਡੇ ਭਾਗ ਗੁਰਸਿਖਾ ਕੇ ਜੋ ਗੁਰ ਚਰਣੀ ਸਿਖ ਪੜਤਿਆ॥