ਗੱਲ ਕੀ ਅਰਸ਼ਾਂ ਵਿਚ ਮਾਨੋਂ ਇਕ ਐਸੀ ਫੌਜ ਬਣ ਗਈ ਜਿਸ ਵਿੱਚ ਉੱਪਰ ਤੋਂ ਹੇਠਾਂ ਤਕ ਕੰਮ ਕਰਨ ਵਾਲੇ ਨਿਸ਼ਕਾਮ ਲੋਕ ਕੰਮਾਂ ਪਰ ਥਾਪੇ ਗਏ, ਜਿਨ੍ਹਾਂ ਦੀ ਸਾਰੇ ਬ੍ਰਹਮੰਡ ਪਰ ਨਿਗਰਾਨੀ ਹੋ ਗਈ ਪਰ ਸਾਰੇ ਸਤਿਗੁਰ ਦੀ ਜੋਤ ਤੇ ਹੁਕਮ ਦੀ ਤਾਬਿਆ ਕੰਮ ਕਰਨ ਵਾਲੇ ਹੋਏ। ਮਾਤ ਲੋਕਾਂ ਦੇ ਦੇਸ਼ਾਂ ਦੇ ਵਾਸੀ ਮਾਇਆ ਵੇੜੇ ਆਪਣੇ ਆਪਣੇ ਕੰਮਾਂ ਵਿਚ ਹਨ, ਆਪਣੇ ਲੋਭ ਲਾਲਚਾਂ, ਤ੍ਰਿਸ਼ਨਾ ਵਿਚ ਦ੍ਰਿਸ਼ਟਮਾਨ ਵਿਚ ਮਸਤ ਹਨ, ਅਕਲਾਂ ਵਾਲੇ ਅਕਲਾਂ ਦੀਆਂ ਖੋਜਾਂ ਕਰ ਰਹੇ ਹਨ, ਪਰ ਕਿਸੇ ਨੂੰ ਪਾਰ ਲੋਕਾਂ ਦਾ ਪਤਾ ਨਹੀਂ, ਕਿਸੇ ਦੀ ਦ੍ਰਿਸ਼ਟੀ ਪਾਰਦਰਸ਼ਕ ਨਹੀਂ। ਕਿਸੇ ਦੀ ਸਮਝ, ਸੁਰਤ ਗੁਪਤ ਤੇ ਅਦ੍ਰਿਸ਼ਟ ਸੰਸਾਰ ਵਲ ਨਹੀਂ, ਪਰੰਤੂ ਅਦ੍ਰਿਸ਼ਯ ਸੰਸਾਰ ਵਿਚ ਆਤਮ ਪ੍ਰਬੰਧ ਦਾ ਪੂਰਾ ਨਕਸ਼ਾ ‘ਸ਼ਕਤੀ ਤੇ ਸੱਚ` ਦੀਆਂ ਕਲਗ਼ੀਆਂ ਵਾਲੇ ਦੇ ਤਾਬੇ ਆਪਣਾ ਕੰਮ ਕਰ ਰਿਹਾ ਹੈ।
ਕਲਗ਼ੀਆਂ ਵਾਲੇ ਕਿਉਂ ਕਲਗ਼ੀਆਂ ਵਾਲੇ ਹਨ? ਕਿਉਂਕਿ ਲੋਕ ਵਿਚ ਪ੍ਰਤਾਪਸ਼ੀਲ ਸੇ, ਪ੍ਰਲੋਕ ਵਿਚ ਅਤਯੰਤ ਪ੍ਰਤਾਪ ਸ਼ੀਲ ਹਨ। ਮਹਾਰਾਜ ਕਿਉਂ ਫੌਜਾਂ ਵਾਲੇ ਹਨ? ਲੋਕ ਵਿਚ ਫੌਜਾਂ ਦੇ ਮਾਲਕ ਸਨ, ਹੁਣ ਅਰਸ਼ੀ ਅਕਾਲੀ ਬੇੜੇ ਵਿਚ ਅਤਯੰਤ ਤੇ ਅਨੰਤ ਫੌਜਾਂ ਦੇ ਮਾਲਕ ਹਨ।
ਅਕਾਲੀ ਬੇੜਾ ਕੀ ਹੈ? ਸਤਿਗੁਰ ਦੇ ਹੁਕਮ ਵਿਚ ਓਹ ਨੇਕ ਬੰਦੇ, ਓਹ ਰੱਬ ਪਿਆਰੇ ਜੋ ਸਿਮਰਨ ਕਰਦੇ ਗਏ, ਪਰਵਾਨ ਹੋਏ ਤੇ ਜਿਨ੍ਹਾਂ ਲਈ ਸਤਿਗੁਰ ਜੋਤ ਨੇ ਮੁਨਾਸਬ ਜਾਤਾ ਕਿ ਇਹ ਸ੍ਰਿਸ਼ਟੀ ਦੇ ਉਧਾਰ ਸੁਧਾਰ ਤੇ ਪ੍ਰਪੱਕਤਾ ਵਿਚ ਇਥੇ ਵਧਕੇ ਕੰਮ ਕਰਨ, ਉਹਨਾਂ ਨੂੰ ਲਿਵਲੀਨ ਰਹਿੰਦਿਆਂ ਕੋਈ ਨੇਕੀ ਦਾ ਕੰਮ ਸਪੁਰਦ ਹੋਇਆ। ਓਥੇ ਕੰਮ ਸਾਡੇ ਵਾਂਗੂੰ ਨਹੀ ਹੈ, ਓਥੇ ਕੰਮ ਅਕੰਮ ਵਾਂਗੂੰ ਹੈ। ਇਨ੍ਹਾਂ ਬੰਦਿਆਂ, ਸਤਿਗੁਰ ਦੇ ਪਿਆਰਿਆਂ ਨੂੰ ਹਰੀ ਜਸ, ਹਰੀ ਰੰਗ ਦਾ ਮੁੱਖ ਕੰਮ ਹੈ, ਇਸੇ ਅਨੰਦ ਵਿਚ ਮਗਨ ਹਨ। ਪਰ ਦੇਖੋ ਸੰਸਾਰ ਵਿਚ ਇਕ ਆਦਮੀ (ਅੰਮ੍ਰਿਤ ਨਾਲ ਗੁਰ ਦੀਖਯਤ ਹੋਕੇ ਆਪੂੰ ਯਾ) ਕਿਸੇ ਸਿਮਰਨ ਵਾਲੇ ਬੰਦੇ ਦੇ ਸਤਿਸੰਗ ਵਿਚ ਆ ਕੇ ਸਿਮਰਨ ਕਰ ਰਿਹਾ ਹੈ, ਹਾਂ ਜੀ! ‘ਗੁਰਮੁਖ ਨਾਮ ਜਪ ਰਿਹਾ ਹੈ, ਵਾਹਿਗੁਰੂ ਜੀ ਦੀ ਅਰਾਧਨਾ ਕਰਦਾ ਹੈ, ਪਿਆਰ ਵਿਚ ਭਰਦਾ ਹੈ, ਸਤਿਸੰਗ ਨੇ ਉਸ ਨੂੰ ਪ੍ਰਵਾਨ ਕਰ ਲਿਆ ਹੈ, ਕਲਗ਼ੀਆਂ ਵਾਲੇ ਅਰਸ਼ਾਂ ਵਿਚ ਇਸ ਦੇ ਸਿਰ ਤੇ ਆਪਣੇ ਅਕਾਲੀ ਬੇੜੇ ਦਾ ਛਾਇਆ ਪਾਉਣਗੇ। ਉਸ ਪਿਆਰੇ ਨੂੰ ਹੁਣ ਭਜਨ ਸਿਮਰਨ ਵਿਚ ਅਰਸ਼ੀ ਮਦਦ ਮਿਲਿਆ ਕਰੇਗੀ, ਉਸ ਦਾ ਕੀਤਾ ਥਾਂ ਪਵੇਗਾ, ਨਿਸ਼ਾਨੀ ਇਹ ਹੋਵੇਗੀ ਕਿ ਉਸ ਨੂੰ ਰਸ ਪ੍ਰਾਪਤ ਹੋਵੇਗਾ, ਉਸ ਦਾ ਚਿੱਤ ਵੈਰਾਗ ਵਿਚ ਰਹੇਗਾ, ਉਸ ਦੀ ਜੀਭ ਸੱਤਯਾਵਾਨ ਹੋ ਜਾਏਗੀ, ਉਸਨੂੰ ਵਾਹਿਗੁਰੂ ਧਿਆਨ ਤੇ ਨਾਮ ਤੁੱਲ ਕੁਛ ਮਿੱਠਾ ਨਹੀਂ ਲਗੇਗਾ। ਉਸ ਦਾ ਆਪਣਾ ਆਪ ਹੌਲਾ ਫੁੱਲ ਹੋਵੇਗਾ। ਚੜ੍ਹਦੀਆਂਕਲਾਂ ਦਾ ਉਮਾਹੀ ਰੰਗ ਰਹੇਗਾਂ* । {* ਐਉਂ ਕਰਕੇ ਸਾਰੇ ਕਾਰਜ ਸਮਝ ਲਵੋ - ਜਦੋਂ ਸੁਬੇਗ ਸਿੰਘ ਦਾ ਪੁਤਰ ਸ਼ਾਹਬਾਜ਼ ਸਿੰਘ ਚਰਖੀ ਤੇ ਚੜਕੇ ਘਬਰਾ ਜਾਂਦਾ ਹੈ, ਉਹ ਜਾਣਦਾ ਹੈ ਮੈਂ ਇਕੱਲਾ ਹਾਂ, ਮੈ ਮਰ ਚਲਿਆ ਹਾਂ, ਉਹ ਧਰਮ ਹਾਰਨ ਦਾ ਖੋਟਾ ਵਾਕ ਕਰ ਦਿੰਦਾ ਹੈ। ਪਿਉ ਤੱਕਦਾ ਹੈ ਕਿ ਪੁਤ ਸਿਮਰਦਾ ਤਾਂ ਹੈ, ਪਰ ਅਜੇ ਦਰ ਪਰਵਾਨ ਨਹੀਂ, ਉਹ ਪੁਤ ਨੂੰ ਝੱਟ ਮੇਲ ਲੈਂਦਾ ਹੈ, ਤੱਤਖਿਨ ਉਸ ਦੇ ਗਿਰਦ ਅਰਸ਼ੀ ਸ਼ਕਤੀ ਆ ਖਲੋਂਦੀ ਹੈ। ਫੇਰ ਉਹੋ ਬੱਚਾ ਟੋਟੇ ਟੋਟੇ ਹੋ ਮਰਦਾ ਹੈ ਅਰ ਆਤਮ ਰਸ - ਉਹ ਰਸ ਜੋ ਅਰਸ਼ੋਂ ਆਇਆ - ਉਸ ਨੂੰ ਢਹਿਣ ਨਹੀਂ ਦੇਂਦਾ। ਪਰ ਖਬਰਦਾਰ! ‘ਹਠੁ ਕਰਿ ਮਰੈ ਨ ਲੇਖੈ ਪਾਵੈ॥" ਨਿਰੇ ਹਉਂ ਹਠ ਨਾਲ ਨਿਭਣਾ ਇਸ ਤੋਂ ਵੱਖਰੀ ਖੇਡ ਹੈ।}