ਅਰ ਜਿਕੂੰ ੧੭੨੩ ਤੋਂ ੧੭੬੫ ਤੱਕ ਪੰਥ ਨੂੰ ਪਿਆਰ ਕਰਨ ਵਾਲਾ, ਗ਼ਰੀਬ ਨਿਵਾਜਣ ਵਾਲਾ ਆਪਾ ਵਾਰਕੇ ਤਾਰਨ ਵਾਲਾ, ਵਾਹਿਗੁਰੂ ਦਰਸਾਉਣ ਵਾਲਾ, ਲੜ ਲਾਉਣ ਵਾਲਾ ਤੇ ਤੋੜ ਪਹੁੰਚਾਉਣ ਵਾਲਾ ਸਤਿਗੁਰੂ ਸੀ ਇਸੇ ਤਰ੍ਹਾਂ ਹੀ ਹੁਣ ਬੀ ਸਾਡਾ ਸਤਿਗੁਰ ਹੈ; ਸਦਾ ਸੀ, ਸਦਾ ਹੈ, ਸਦਾ ਸਤਿਗੁਰ ਹੋਵੇਗਾ। ਸਦਾ:-
ਜਹ ਜਹ ਕਾਜ ਕਿਰਤਿ ਸੇਵਕ ਕੀ ਤਹਾ ਤਹਾ ਉਠਿ ਧਾਵੈ ॥੧॥ ਸੇਵਕ ਕਉ ਨਿਕਟੀ ਹੋਇ ਦਿਖਾਵੈ ॥
ਅਪਨੇ ਦਾਸ ਕਉ ਦੇਇ ਵਡਾਈ ॥ ਅਪਨੇ ਸੇਵਕ ਕਉ ਨਾਮੁ ਜਪਾਈ ॥
ਅਪੁਨੇ ਜਨ ਕਾ ਪਰਦਾ ਢਾਕੈ ॥ ਅਪਨੇ ਸੇਵਕ ਕੀ ਸਰਪਰ ਰਾਖੈ ॥
ਅਸੀਂ ਸਦਾ ਐਉਂ ਸਿਦਕ ਧਾਰਾਂਗੇ ਤੇ ਸਿਮਰਾਂਗੇ:-
ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ॥ ਸਿਮਰਿ ਸਿਮਰਿ ਤਿਸੁ ਸਦਾ ਸਮ੍ਹਾਲੇ ॥
ਹੁਣ ਇਹ ਅਬਚਲਾ ਨਗਰ ਦਾ ਝਾਕਾ ਲੋਪ ਹੋ ਗਿਆ। ਪਰ ਸੋਝੀ ਦੇ ਗਿਆ ਕਿ ਜਨਮ ਮਰਨ ਗੁਰੂ ਲਈ ਕੋਈ ਸ਼ੈ ਨਹੀਂ। ਜਿਕੂੰ ਸੂਰਜ ਨੂੰ ਸਵੇਰ ਸੰਝ ਕੋਈ ਸ਼ੈ ਨਹੀਂ, ਉਦੈ ਅਸਤ ਕੋਈ ਸ਼ੈ ਨਹੀਂ, ਉਹ ਸਦਾ ਇਕ ਰਸ ਅਕਾਸ਼ਾਂ ਵਿਚ ਚਮਕਦਾ ਹੈ ਤੇ ਫੇਰ ਪ੍ਰਿਥਵੀ ਵਿਚ ਪ੍ਰਾਣੀ ਮਾਤ੍ਰ ਨਾਲ ਅੰਗ ਸੰਗ ਹੈ, ਤਿਵੇਂ ਸਤਿਗੁਰ ਅਰਸ਼ਾਂ ਦਾ ਅਸਲੀ ਸੂਰਜ ਸਦਾ ਚਮਕਦਾ ਹੈ, ਫੇਰ ਸਾਡੇ ਨਾਲ ਸਦਾ ਅੰਗ ਸੰਗ ਹੈ। ਧੰਨ ਅਰਸ਼ੀ ਪ੍ਰੀਤਮ, ਜੋ ਹਰ ਸਮੇਂ ਪ੍ਰਤਿਪਾਲਦਾ, ਸ਼ਰਨ ਲਾਉਂਦਾ ਤੇ ਤਾਰਦਾ ਹੈ।
“ ਸਭਿ ਥਾਈ ਹੋਹਿ ਸਹਾਇ॥"