ਵਿੱਥ
ਆਪਾ ਮਗਨ ਗੁਲਾਬ ਇਕ,
ਖਿੜਿਆ ਵਿਚ ਗੁਲਜ਼ਾਰ।
ਖੜਾ ਸਰਦਾਰ ਡੁਲ੍ਹ ਡੁਲ੍ਹ ਪੈਂਦੀ ਵੇਖ ਸੁੰਦਰਤ
ਬੱਝਕੇ ਰਹਿ ਗਿਆ ਮੈਂ ਮਗਨਾਰ ।
ਤੂੰ ਲੀਤਾ ਰਸ-ਸੁਵਾਦ ਸੁੰਦਰਤਾ,
ਹੱਸ ਬੋਲੇ ਕੰਡੇ ਦੋ ਚਾਰ ।
ਸੁੰਦਰਤਾ ਦਾ ਰਸ ਮਾਣਨ ਲਈ,
ਅਦਬ ਭਰੀ ਵਿੱਥ ਹੈ ਦਰਕਾਰ।
ਕਾਹਲੇ ਕਈ ਏਸ ਥਾਂ ਆਏ,
ਲੈਣੇ ਨੂੰ ਹੱਥ ਦੇਣ ਪਸਾਰ ।
ਦੰਦ ਅਸਾਡੇ ਚੁਬਣ ਉਨ੍ਹਾਂ ਨੂੰ,
ਛਿੜੇ ਪੀੜ ਪਰ ਰੋਵਨਹਾਰ।
ਸੁੰਦਰਤਾ ਦੇ ਰਸ ਮਾਣਨ ਨੂੰ,
ਸਦਾ ਵਿੱਥ ਹੈ ਕੁਛ ਦਰਕਾਰ।