ਬੁਲਬੁਲ
ਰਾਹੀਂ :-
ਬੁਲਬੁਲ ਕੁੜੀਏ ! ਤੂੰ ਆਪੂੰ ਗਾਨੀ ਏਂ
ਕਵਿ-ਦੁਨੀਆਂ ਤੈਨੂੰ ਗਾਨੀ ਏਂ
ਤੂੰ ਗੁਲ ਤੇ ਡੁਲ੍ਹ ਡੁਲ੍ਹ ਪੈਨੀ ਏਂ,
ਇਸ ਗੁਲ ਨੂੰ ਰਖਦੀ ਨੈਂਨੀ ਏਂ।
ਵਿਚ ਨੈਣ ਪੰਘੂੜੇ ਚਾੜ੍ਹ ਇਨੂੰ, ਵਿਚ ਝੂੰਮਾਂ ਝੁੰਮਦੀ ਰੈਨ੍ਹੀ ਏਂ।
ਪਰ ਗੁਲ ਨੂੰ ਲਗਾ ਖਾਰ ਹਈ, ਤੈਨੂੰ ਕੁੜੀਏ ਉਸਦੀ ਸਾਰ ਨਹੀਂ
ਫਿਰ ਪੱਤੇ ਇਕ ਉਦਾਲੀ ਨੇ, ਜੋ ਰੂਪ ਰੰਗ ਤੋਂ ਖਾਲੀ ਨੇ ।
ਤੂੰ ਇਹ ਬੀ ਕਦੇ ਧਿਆਨ ਨਹੀਂ,
ਤੈਂ ਨੈਣਾਂ ਇਹ ਸਿਆਣ ਨਹੀਂ।
ਬੁਲਬੁਲ :-
ਸਹੁਣੇ ਤੂੰ ਸੁਣ ਰਾਹੀਆ! ਮੈਂ ਨੈਣੀਂ ਲਿਆ ਬਿਠਾਲ
ਜਿਧਰ ਦੇਖਾਂ ਉਧਰ ਦਿੱਸਦਾ ਇਸਦਾ ਹੁਸਨ ਜਮਾਲ ।
ਸੁਹਜਹੀਨ ਇਨ ਪੱਤਿਆਂ ਖਸ ਲੀਤਾ ਹੈ ਤਾਣ
ਉਡ ਉਡ ਮੇਰੇ ਖੰਭ ਹਨ ਮੁੜ ਮੁੜ ਇਸਤੇ ਆਣ ।
ਕੰਡਾ ਇਸ ਦਾ ਪੁੜ ਗਿਆ, ਸੁਣ ਸਜਨ। ਬੁਧਵਾਨ !
ਵਿਚ ਕਲੇਜੇ ਕਸਕਦਾ, ਪੀੜਾ ਕਰਦਾ ਦਾਨ ।
ਮਿੱਠੀ ਪੀੜਾ ਰੱਸ ਭਰੀ ਰਿਸ ਰਿਸ ਕਰਦਾ ਘਾਉ ।
ਠੰਡ ਪਵੇ ਇਸ ਦੇਖਿਆਂ ਕਸਕ ਬਣੇ ਸੁਖਦਾਇ ।
ਰਿਸੇਦੇਆਂ ਉਰਸਮਈ ਹੁਣ ਸੰਗ ਤਕ ਲਹਰਾਇ ।