ਵਿੰਗਾ ਤਰੱਕਲਾ
ਵਿੰਗਾ ਤੇਰਾ ਤਰੱਕਲਾ ਤਟ ਤਟ ਪੈਂਦੀ ਤੰਦ
ਵਲ ਕੱਢ ਪਹਿਲਾਂ ਸੋਹਣੀਏ ਤ੍ਰਟਣ ਹੋਵੇ ਬੰਦ।
ਉਗਲ ਰੱਖੀ ਲਾਇ
ਇਕ ਘੜੀ ਤੇ ਘੱਬਿਆਂ ਸੈ ਕੋਹਾਂ ਪਈਐ ਜਾਇ
ਸਾਈਆਂ ! ਘੁਸਣ ਨ ਦੇਵਈਂ ਉਂਗਲ ਰੱਖੀ ਲਾਇ।
ਸ਼ਾਮ ਸਵੇਰੇ
ਗਗਨਾ ਉੱਤੇ ਸ਼ਾਮ ਸਵੇਰੇ ਚੜ੍ਹਦੀ ਹੈ ਜੋ ਲਾਲੀ
ਸੋਨਾ ਭਾਫ ਬਣੇ ਜਿਉ ਚੜ੍ਹਦਾ ਕਜਣ ਰੰਗਤ ਕਾਲੀ
ਸੁਹਣੀ ਦੀਦ
ਪੰਜੇ ਜਾਗੇ ਜਿਨਾਂ ਦੀ ਮਨ ਦੀ ਖੁਲ ਗਈ ਨੀਂਦ
ਅੰਦਰ ਬਾਹਰ ਲਖ ਰਹੇ ਤੇਰੀ ਸੁਹਣੀ ਦੀਦ।
ਇਨਸਾਨੀ ਹਾਲ
ਇਕ ਦਾਣੇ ਪਾ ਰਹੇ ਪੰਛੀਆਂ ਇਕ ਮਛੀਆਂ ਪਾ ਰਹੇ ਜਾਲ
ਦਰਦ ਬਿਦਰਦੀ ਦਾ ਸਖੀ ! ਤਕ ਇਨਸਾਨੀ ਹਾਲ।
ਨਿਰਾਸਤਾ ਵਿਚ ਆਸ
ਦੇਖ ਘਟਾ ਘਨ ਸ਼ਯਾਮ ਜਿਸ ਵਿਚ ਲਾਲੀ ਸੂਰ ਦੀ
ਛੁਹ ਰਹੀ ਜਿੰਦ ਖਿੜਾਨ ਰੋਦੀ ਸੁਹਣੀ ਹਸ ਪਈ ।