

ਕਿ ਇਹ ਉਹਨਾਂ ਲਈ ਕੀ ਲਿਆ ਰਹੀ ਹੈ।
ਲੋਕ ਚੁੱਪ-ਚਾਪ ਛਾਲਾਂ ਮਾਰ ਕੇ ਬੇੜੀ ਵਿੱਚੋਂ ਉੱਤਰੇ। ਸਾਰਿਆਂ ਨੇ ਛੁੱਟੀ ਵਾਲੇ ਦਿਨ ਵਾਲੇ ਕੱਪੜੇ ਪਾਏ ਹੋਏ ਸਨ, ਪਰ ਸਭ ਦੇ ਚਿਹਰਿਆਂ ਉੱਤੇ ਪ੍ਰੇਸ਼ਾਨੀ ਤੇ ਉਦਾਸੀ ਸੀ। ਗੰਭੀਰ ਮੂੰਹ ਬਣਾਈ, ਕਾਹਲੀ ਵਿੱਚ ਲੱਗਦੇ ਆਦਮੀ ਤੇ ਰੋ ਰੋ ਕੇ ਲਾਲ ਕੀਤੀਆਂ ਅੱਖਾਂ ਵਾਲੀਆਂ ਔਰਤਾਂ ਇੱਕ ਵੀ ਲਫ਼ਜ਼ ਕਹੇ ਬਿਨਾਂ ਇਸ ਜਵਾਨ ਜੋੜੇ ਕੋਲੋਂ ਲੰਘੀ ਜਾ ਰਹੀਆਂ ਸਨ। ਇਸ ਗੱਲ ਤੋਂ ਅਣਜਾਣ ਕਿ ਕੀ ਵਾਪਰ ਗਿਆ ਹੈ, ਉਹ ਦੋਵੇਂ ਹੀ ਬੇੜੀ ਵਿੱਚ ਕੁੱਦ ਪਏ। ਉਹਨਾਂ ਦੇ ਪ੍ਰਸੰਨ ਚਿਹਰਿਆਂ ਵੱਲ ਦੇਖੇ ਬਿਨਾਂ ਹੀ ਚਾਚਾ ਅਰਕਾਸ਼ਾ ਬੋਲਿਆ:
"ਜੰਗ... ਅੱਜ ਰੇਡਿਓ ਉੱਤੇ ਦੱਸਿਆ ਸੀ।"
"ਜੰਗ ? ਕਿਸ ਨਾਲ ? ਆਪਣੀ ਥਾਂ ਤੋਂ ਭੁੜਕ ਕੇ ਉੱਠਦਿਆਂ ਅਲੈਕਸੇਈ ਨੇ ਪੁੱਛਿਆ।
"ਉਹਨਾਂ ਨਾਲ ਹੀ, ਲਾਅਨਤੀ ਫਾਸਿਸਟਾਂ ਨਾਲ, ਹੋਰ ਕਿਸ ਨਾਲ," ਗੁੱਸੇ ਨਾਲ ਚੱਪੂ ਮਾਰਦਿਆਂ ਚਾਚੇ ਅਰਕਾਸ਼ਾ ਨੇ ਜਵਾਬ ਦਿੱਤਾ। “ਲੋਕੀਂ ਪਹਿਲਾਂ ਹੀ ਜ਼ਿਲ੍ਹਾ ਫ਼ੌਜੀ ਕਮਿਸਰੇਤ ਪੁੱਜੇ ਹੋਏ ਨੇ । ਲਾਮਬੰਦੀ"
ਅਲੈਕਸੇਈ ਘਰ ਜਾਣ ਦੀ ਥਾਂ ਸਿੱਧਾ ਫ਼ੌਜੀ ਕਮਿਸਰੇਤ ਦੇ ਦਫ਼ਤਰ ਗਿਆ। ਰਾਤ ਨੂੰ 12.40 ਉੱਤੇ ਚਲਦੀ ਗੱਡੀ ਵਿੱਚ ਬੈਠ ਕੇ ਉਹ ਉਸ ਹਵਾਈ ਦਸਤੇ ਵੱਲ ਜਾ ਰਿਹਾ ਸੀ, ਜਿਸ ਨਾਲ ਉਸਨੂੰ ਲਾਇਆ ਗਿਆ ਸੀ। ਉਸ ਕੋਲ ਮਸਾਂ ਏਨਾਂ ਹੀ ਸਮਾਂ ਸੀ ਕਿ ਭੱਜ ਕੇ ਘਰੋਂ ਆਪਣਾ ਸੂਟਕੇਸ ਲਿਆ ਸਕੇ । ਓਲਿਆ ਨੂੰ ਵੀ ਉਹ ਅਲਵਿਦਾ ਨਹੀਂ ਸੀ ਕਹਿ ਸਕਿਆ।
ਉਹ ਬਹੁਤ ਘੱਟ ਇੱਕ ਦੂਜੇ ਨੂੰ ਲਿਖਦੇ ਸਨ । ਇਸ ਕਰਕੇ ਨਹੀਂ ਕਿ ਉਹਨਾਂ ਦੇ ਇੱਕ ਦੂਜੇ ਲਈ ਜਜ਼ਬੇ ਠੰਡੇ ਪੈ ਗਏ ਸਨ, ਜਾਂ ਉਹ ਇੱਕ ਦੂਜੇ ਨੂੰ ਭੁੱਲਦੇ ਜਾ ਰਹੇ ਸਨ। ਨਹੀਂ। ਉਹ ਉਸ ਗੋਲ, ਸਕੂਲੀ ਕੁੜੀਆਂ ਵਰਗੀ ਲਿਖਤ ਵਿੱਚ ਲਿਖੀਆਂ ਉਹਨਾਂ ਚਿੱਠੀਆਂ ਦੀ ਬੜੀ ਬੇਸਬਰੀ ਨਾਲ ਉਡੀਕ ਕਰਦਾ ਸੀ, ਉਹਨਾਂ ਨੂੰ ਜੇਬ ਵਿੱਚ ਸਾਂਭ ਕੇ ਰੱਖਦਾ ਸੀ ਤੇ ਜਦੋਂ ਇਕੱਲਾ ਹੁੰਦਾ ਸੀ, ਉਹਨਾਂ ਨੂੰ ਮੁੜ ਮੁੜ ਕੇ ਪੜ੍ਹਦਾ ਸੀ। ਇਹੀ ਚਿੱਠੀਆਂ ਸਨ ਜਿਨ੍ਹਾਂ ਨੂੰ ਉਸਨੇ ਸੀਨੇ ਨਾਲ ਲਾ ਰੱਖਿਆ ਸੀ ਤੇ ਉਸ ਭਿਆਨਕ ਸਮੇਂ ਜਿਨ੍ਹਾਂ ਵੱਲ ਦੇਖਦਾ ਰਿਹਾ ਸੀ, ਜਦੋਂ ਉਹ ਜੰਗਲ ਵਿੱਚ ਰੀਂਗ ਰਿਹਾ ਸੀ। ਪਰ ਇਹਨਾਂ ਦੋ ਨੌਜਵਾਨਾਂ ਵਿਚਲੇ ਸੰਬੰਧ ਏਨੇ ਇੱਕਦਮ ਟੁੱਟ ਗਏ ਸਨ, ਤੇ ਉਹ ਵੀ ਐਸੇ ਅਨਿਸ਼ਚਿਤ ਪੜਾਅ ਉੱਤੇ, ਕਿ ਜਿਹੜੀਆਂ ਚਿੱਠੀਆਂ ਉਹ ਇੱਕ ਦੂਜੇ ਨੂੰ ਲਿਖਦੇ ਸਨ, ਉਹਨਾਂ ਵਿੱਚ ਉਹ ਇੱਕ ਦੂਜੇ ਨਾਲ ਇੰਝ ਵਰਤਦੇ ਜਿਵੇਂ ਉਹ ਪੁਰਾਣੇ ਚੰਗੇ ਜਾਣੂ ਹੋਣ, ਦੋਸਤ ਹੋਣ, ਤੇ ਇਸ ਵਿੱਚ ਕਿਸੇ ਵਡੇਰੀ ਚੀਜ਼ ਨੂੰ ਲਿਆਉਣ ਤੋਂ ਡਰਦੇ ਰਹਿੰਦੇ ਜਿਹੜੀ, ਆਖ਼ਰ ਫ਼ਿਰ ਵੀ, ਅਣਕਹੀ ਰਹਿ ਗਈ ਹੋਈ ਸੀ।
ਤੇ ਹੁਣ, ਹਸਪਤਾਲ ਵਿੱਚ ਪਿਆ, ਅਲੈਕਸੇਈ ਬੜੀ ਬੇਚੈਨੀ ਨਾਲ ਨੋਟ ਕਰ ਰਿਹਾ ਸੀ— ਤੇ ਇਹ ਬੇਚੈਨੀ ਹਰ ਚਿੱਠੀ ਨਾਲ ਵਧਦੀ ਜੀ ਰਹੀ ਸੀ ਕਿ ਓਲਿਆ ਆਪ ਹੀ ਅਚਾਨਕ ਉਸਨੂੰ ਅੱਗੋਂ ਦੀ ਹੋ ਕੇ ਮਿਲੀ ਸੀ, ਬਿਨਾਂ ਝਿਜਕ ਦੇ ਹੁਣ ਉਹ ਆਪਣੀਆਂ