ਤਾਂ ਅਨਾਊਂਸਰ ਕੋਈ ਲੜੀਵਾਰ ਪ੍ਰੋਗਰਾਮ ਸਮਾਪਤ ਕਰਦਾ ਕਹਿ ਰਿਹਾ ਸੀ: “ਬੋਰਿਸ ਪੋਲੇਵੋਈ ਦੀ ਰਚਨਾ 'ਅਸਲੀ ਇਨਸਾਨ ਦੀ ਕਹਾਣੀ' ਦਾ ਅਗਲਾ ਭਾਗ ਅਸੀਂ ਕੱਲ੍ਹ ਨੌਂ ਵਜੇ ਤੁਹਾਡੀ ਸੇਵਾ ਵਿਚ ਪੇਸ਼ ਕਰਾਂਗੇ।" ਮੈਨੂੰ ਇੱਕਦਮ ਕਾਲੇ ਵਾਲਾਂ ਵਾਲਾ ਪੱਤਰ ਪ੍ਰੇਰਕ ਯਾਦ ਆ ਗਿਆ, ਜਿਹੜਾ ਇੱਕ ਰਾਤ ਮੇਰੇ ਕੋਲ ਮੇਰੇ ਭੋਰੇ ਵਿੱਚ ਰਿਹਾ ਸੀ। ਤੇ ਅਗਲੇ ਦਿਨ ਸਵੇਰੇ ਨੌਂ ਵਜੇ ਮੈਂ ਰੇਡੀਓ ਲਾਇਆ। ਰੇਡੀਓ ਲਾਇਆ ਤੇ ਆਪਣੇ ਕੰਨਾਂ ਉਤੇ ਇਤਬਾਰ ਨਹੀਂ ਸੀ ਆ ਰਿਹਾ। ਪੋਲੇਵੋਈ ਮੇਰੀ ਕਹਾਣੀ ਦੱਸ ਰਿਹਾ ਸੀ।
ਉਸੇ ਸ਼ਾਮ ਮੈਂ ਉਸ ਦੇ ਘਰ ਸਾਂ, ਤੇ ਲੇਖਕ ਨੇ ਮੈਨੂੰ ਦੱਸਿਆ ਕਿ ਕਿਵੇਂ ਕਿੰਨਾ ਚਿਰ ਉਹ ਜੰਗ ਦੇ ਦਿਨਾਂ ਵਿਚ ਮੈਨੂੰ ਲੱਭਦਾ ਰਿਹਾ ਸੀ, ਪਰ ਲੱਭ ਨਹੀਂ ਸੀ ਸਕਿਆ। ਵੱਖੋ ਵੱਖਰੇ ਰਾਹਾਂ ਥਾਣੀਂ ਅਸੀਂ ਜਿੱਤ ਤਕ ਪੁੱਜੇ ਸਾਂ। ਕਿਵੇਂ ਮਗਰੋਂ ਉਸਨੇ ਕਿੰਨੇ ਸਾਰੇ ਜੰਗੀ ਮੁਹਾਫ਼ਜ਼ਖਾਨਿਆਂ ਨੂੰ ਛਾਣਿਆ, ਕਿਵੇਂ ਜਲਦੀ ਜਲਦੀ ਝਰੀਟੀਆਂ ਨੋਟਬੁੱਕਾਂ ਅਨੁਸਾਰ ਉਸਨੇ ਸਾਡੀ ਉਦੋਂ ਹੋਈ ਗੱਲਬਾਤ ਨੂੰ ਮੁੜ ਕੇ ਉਸੇ ਰੂਪ ਵਿਚ ਉਜਾਗਰ ਕੀਤਾ।
ਸੋ ਇਸੇ ਸ਼ਾਮ ਤੋਂ ਹੀ ਲੇਖਕ ਬੋਰਿਸ ਪੋਲੇਵੋਈ ਨਾਲ ਮੇਰੀ ਦੋਸਤੀ ਦਾ ਜਨਮ ਹੋਇਆ। ਅਫ਼ਸੋਸ ਦੀ ਗੱਲ ਇਹ ਹੈ ਕਿ ਅਸੀਂ ਇੱਕ ਦੂਜੇ ਨੂੰ ਬਹੁਤ ਘੱਟ ਮਿਲਦੇ ਹਾਂ, ਸਗੋਂ ਸਿਰਫ਼ ਕਾਨਫ਼ਰੰਸਾਂ, ਮੀਟਿੰਗਾਂ ਤੇ ਕਦੇ-ਕਦਾਈਂ ਘਰ ਵਿੱਚ ਵੀ। ਪਰ ਇਹ ਮਿਲਣੀਆਂ ਮੇਰੇ ਲਈ ਸਦਾ ਯਾਦਗਾਰੀ ਰਹੀਆਂ ਹਨ, ਕਿਉਂਕਿ ਪੋਲੇਵੋਈ ਤਾਂ ਵਿਚਾਰਾਂ ਤੇ ਨਿਰੀਖਣਾਂ ਦਾ ਅਮੁੱਕ ਖਜ਼ਾਨਾ ਹੈ। ਤੁਸੀਂ ਇਸ ਵਿੱਚੋਂ ਜਿੰਨਾ ਮਰਜ਼ੀ ਕੱਢੀ ਜਾਓ, ਇਹ ਖ਼ਜ਼ਾਨਾ ਮੁੱਕਣ ਵਿੱਚ ਨਹੀਂ ਆਉਂਦਾ।
ਤੇ ਸਿਰਫ਼ ਇੱਕ ਵਾਰੀ ਅਸੀਂ ਕਿਨੋਂ ਦਿਨ ਇੱਕ ਦੂਜੇ ਦੇ ਨਾਲ ਰਹੇ-ਅਮਰੀਕਾ ਵਿਚ, ਜਿੱਥੇ ਅਸੀਂ ਜੰਗ ਵਿੱਚ ਹਿੱਸਾ ਲੈ ਚੁੱਕੇ ਅਮਰੀਕਣਾਂ ਦੇ ਸੱਦੇ ਉੱਤੇ ਗਏ ਸਾਂ। ਪੋਲੇਵੋਈ ਦਾ ਇਹ ਅਮਰੀਕਾ ਦਾ ਦੂਜਾ ਚੱਕਰ ਸੀ । ਪੋਲੇਵੋਈ ਦੀ ਪਹਿਲੀ ਅਮਰੀਕੀ ਯਾਤਰਾ ਦੇ ਸਮੇਂ ਹੀ ਉੱਥੋਂ ਦੇ ਇੱਕ ਪ੍ਰਸਿੱਧ ਪੱਤਰਕਾਰ ਨੇ ਹਵਾਈ ਜਹਾਜ਼ਾਂ ਦੇ ਨਿੱਜੀ ਤਜ਼ਰਬੇ ਦੇ ਅਧਾਰ ਉੱਤੇ ਇਹ ਦਾਅਵਾ ਕੀਤਾ ਸੀ ਅਲੈਕਸੇਈ ਮਰੇਸੇਯੋਵ ਦੀ ਸਾਰੀ ਕਹਾਣੀ ਮਨਘੜਤ ਹੈ। ਇਸ ਵਾਰੀ ਪੋਲੇਵੋਈ ਨੇ ਮੈਨੂੰ ਜਿਊਂਦੀ ਜਾਗਦੀ ਮਿਸਾਲ ਵੱਜੋਂ ਪੇਸ਼ ਕੀਤਾ ਹੈ। ਪਰ ਲੱਗਦਾ ਹੈ। ਕਿ ਉਸ ਅਮਰੀਕੀ ਪੱਤਰਕਾਰ ਨੂੰ ਫਿਰ ਵੀ ਵਿਸ਼ਵਾਸ ਨਾ ਆਇਆ।
ਪੋਲੇਵੋਈ ਨੂੰ ਇਸ ਵੇਲੇ ਸੱਤਵਾਂ ਦਹਾਕਾ ਲੱਗਾ ਹੋਇਆ ਹੈ। ਚਾਲ੍ਹੀ ਤੋਂ ਵੱਧ ਸਾਲਾਂ ਤੋਂ ਉਹ ਸੋਵੀਅਤ ਸਾਹਿਤ ਦੀ ਸੇਵਾ ਕਰ ਰਿਹਾ ਹੈ। ਹੁਣ ਤੱਕ ਉਹ ਚਾਰ ਵੱਡੇ ਵੱਡੇ ਨਾਵਲ, ਤੇ ਕਹਾਣੀਆਂ ਤੇ ਲੇਖਾਂ ਦੀਆਂ ਵੀਹ ਕਿਤਾਬਾਂ ਦੇ ਚੁੱਕਾ ਹੈ । ਤੇ ਚੈਨ ਤਾਂ ਉਸਨੂੰ ਸੁਪਨੇ ਵਿੱਚ ਵੀ ਨਹੀਂ ਆਉਂਦਾ, ਕਿਉਂਕਿ ਉਸਨੇ ਜਿਹੜਾ ਪੇਸ਼ਾ ਆਪਣੇ ਲਈ ਚੁਣਿਆ ਹੋਇਆ ਹੈ. ਉਸ ਵਿਚ ਤਾਂ ਚੈਨ ਮਿਲਦਾ ਨਹੀਂ - ਪੱਤਰਕਾਰ ਦੇ ਪੇਸ਼ੇ ਵਿੱਚ। ਮੈਂ ਕੋਈ ਗ਼ਲਤ ਗੱਲ ਨਹੀਂ ਕਹੀਂ— ਉਹ ਲੇਖਕ ਹੈ, ਪਰ ਰਹਿੰਦਾ ਪੱਤਰਕਾਰ ਵਾਂਗ ਹੈ। ਹਮੇਸ਼ਾ ਪੈਂਡੇ ਪਏ ਰਹਿਣਾ, ਤਲਾਸ਼ ਕਰਦੇ ਰਹਿਣਾ, ਹਮੇਸ਼ਾ ਲਿਖਣ ਲਈ ਤਿਆਰ ਰਹਿਣਾ।
ਅਫ਼ਸੋਸ ਦੀ ਗੱਲ ਹੈ ਕਿ ਮੈਂ ਸਾਹਿਤਕਾਰ ਨਹੀਂ ਹਾਂ। ਜੇ ਮੈਂ ਸ਼ਬਦਾਂ ਦਾ ਕਲਾਕਾਰ ਹੁੰਦਾ