ਲੰਘ ਗਏ ਸਰਹਿੰਦ ਨੂੰ ਘੁਟ ਦਿਲ ਦੀ ਪੀੜ,
ਮਿਲ ਗਏ ਬੰਦੇ ਨਾਲ ਜਾ ਦਿਲੀ ਦੀ ਨੇੜ ।
ਮੁੰਡਾ 1-
ਬੰਦੇ ਦੀ ਵੀ, ਬਾਬਿਆ, ਕੋਈ ਗੱਲ ਸੁਣਾ,
ਦਿੱਤੀ ਜਿਉਂ ਸਰਹਿੰਦ ਇੱਟ ਨਾਲ ਇੱਟ ਵਜਾ,
ਲੁਟਿਆ ਕਿਵੇਂ ਸਹਾਰਨਪੁਰ ਤੇ ਸਾਢੌਰਾ ।
ਨਾਉਂ ਬਾਬੇ ਬੰਦੇ ਦਾ ਦੇਂਦਾ ਜੋਸ਼ ਚੜ੍ਹਾ ।
ਬਾਬਾ ਬੋਹੜ-
ਮੈਨੂੰ ਬੀਬਾ, ਪਤਾ ਨਹੀਂ ਕਿਸ ਲੁਟੇ ਸ਼ਹਿਰ ।
ਮੈਨੂੰ ਇਹਨਾਂ ਗੱਲਾਂ ਵਿਚ ਨਾ ਆਉਂਦੀ ਲਹਰ ।
ਜ਼ਹਰ ਨੂੰ ਮਾਰਨ ਲਈ ਵਰਤਣੀ ਪੈਂਦੀ ਜ਼ਹਰ,
ਕਹਰ ਦਾ ਬਦਲਾ ਲੈਣ ਨੂੰ ਆ ਜਾਂਦਾ ਕਹਰ ।
ਏਹੋਂ ਗੀਤ ਨਿਭਾਂਵਦਾ ਬੰਦਿਆਂ ਦਾ ਦਹਰ,
ਪਰ ਬਿਰਛਾਂ ਦੇ ਕਾਵਿ ਦੀ ਕੁਝ ਹੋਰ ਹੈ ਬਹਰ ।
ਮੁੰਡਾ -
ਅੱਛਾ, ਤੂੰ ਹੀ ਦੱਸ, ਜਿਸ ਤਰ੍ਹਾਂ ਤੈਨੂੰ ਭਾਵੇਂ ।
ਅਸੀਂ ਅੰਞਾਣੇ, ਬਹੁਤ ਵਾਰ ਗਲਤੀ ਹੋ ਜਾਵੇ ।
ਅਸਾਂ ਨਾਦਾਨਾਂ ਕੋਲੋਂ, ਐਪਰ ਤੁਧ ਜਿਹੇ ਬਾਵੇ
ਕਰ ਦੇਂਦੇ ਹਨ ਮੁਆਫ਼ ਬਿਠਾ ਕੇ ਠੰਢੀ ਛਾਵੇਂ ।
ਬਾਬਾ ਬੋਹੜ-
ਹਾਂ, ਜੇ ਮੈਥੋਂ ਸੁਣਨੀ ਹੈ ਤਾਂ ਸੁਣ ਲਓ, ਲਾਲ
ਔਰੰਗਜ਼ੇਬ ਨੂੰ ਗੁਜ਼ਰਿਆਂ ਹੋਏ ਸਨ ਸਾਲ
ਤਿੰਨ ਚਾਰ ਕੁਲ, ਕਿਸੇ ਦੇ ਵਿਚ ਖ਼ਾਬ ਖ਼ਿਆਲ,
ਕਦੀ ਨਹੀਂ ਸੀ ਆਈ ਜਾਪੇ ਗੱਲ ਮੁਹਾਲ,
ਚਹੁੰ ਬਰਸਾਂ ਵਿਚ ਦਿੱਲੀ ਤੇ ਲਾਹੌਰ ਵਿਚਾਲ
ਵਸਦੇ ਜੱਟ ਇਹ ਮੂੜ ਜਿਹੇ ਜਿਨ੍ਹਾਂ ਨੂੰ ਸਾਰ
ਕੀ ਹੋ ਸਕਦੀ ਹੈ ਸ਼ਕਤੀ ਕੇਡੀ ਵਿਕਰਾਲ
ਹੁੰਦੀ ਲੋਕਾਂ ਵਿਚ ਜੇ ਟੁਟ ਜਾਵੇ ਜਾਲ
ਭਰਮ ਅਤੇ ਅਗਿਆਨ ਦਾ ਹੈ ਜਿਸ ਦੇ ਨਾਲ
ਫਾਥਾ ਰਾਜਿਆਂ ਰਾਣਿਆਂ, ਪਾਖੰਡ ਪਲਾਲ
ਜਿਸ ਤੇ ਪੰਡਿਤ ਮੌਲਵੀ ਪਾ ਦੇਂਦੇ ਪਾਲ
ਧਰਮ ਅਤੇ ਈਮਾਨ ਦਾ, ਲੁੱਟਣ ਦੀ ਚਾਲ,
ਇਹਨਾਂ ਜੱਟਾਂ ਆਪਣੇ ਪਿੰਡਾਂ ਤੋਂ ਬਾਹਰ
ਪਤਾ ਨਹੀਂ ਸੀ ਜੱਗ ਦਾ, ਜੋ ਹਾੜ੍ਹ ਸਿਆਲ
ਹਲ ਵਾਂਹਦੇ, ਖੂਹ ਜੋੜਦੇ ਤੇ ਮਝੀਂਵਾਲ,
ਇਹਨਾਂ ਜੱਟਾਂ ਉਠ ਕੇ ਦਿੱਲੀ ਦੇ ਨਾਲ
ਲਗਦਾ ਸੂਬਾ ਖੋਹ ਲਿਆ, ਸਰਹਿੰਦ ਵਿਸ਼ਾਲ ।
ਹੈ ਲੋਕਾਂ ਵਿਚ, ਬੱਚਿਓ, ਸ਼ਕਤੀ ਵਿਕਰਾਲ
ਜੇ ਤੋੜਨ ਅਗਿਆਨ ਤੇ ਭਰਮਾਂ ਦੇ ਜਾਲ!