ਮੁੰਡਾ 2-
ਨਾਦਰ ਸ਼ਾਹ ਦੀ ਗੱਲ ਵੀ ਹੈ ਬੜੀ ਸੁਆਦੀ,
ਵਿਚ ਕਿਤਾਬਾਂ ਪੜੀ ਹੈ ਕੁਝ ਅੱਧ ਪਚਾਧੀ ।
ਕਿਵੇਂ ਓਸ ਨੂੰ ਆਦਮੀ ਮਾਰਨ ਦੀ ਵਾਦੀ
ਲੈ ਆਈ ਸੀ ਹਿੰਦ ਵਿਚ, ਏਡਾ ਅਪਰਾਧੀ!
ਬਾਬਾ ਬੋਹੜ-
ਜਾਣਾਂ ਨਾਦਰ ਸ਼ਾਹ ਨੂੰ ਮੈਂ ਤੈਥੋਂ ਵੱਧ ।
ਕੀ ਹੈ ਤੇਰੀ ਉਮਰ? ਨਹੀਂ ਤੀਹਾਂ ਦਾ ਅੱਧ ।
ਕੀਤਾ ਤੇਰੀ ਸੋਚ ਨੂੰ ਇਤਿਹਾਸਾਂ ਰੱਦ ।
ਨਾਦਰ ਸ਼ਾਹ ਕੋਈ ਨਹੀਂ ਸੀ ਬੇਸਮਝ ਬਦ ।
ਲੋਕੀਂ ਹੋਵਣ ਦੁਖੀ ਰਾਜ ਬੰਸਾਂ ਤੋਂ ਜਦ,
ਰਾਜੇ ਅਤੇ ਅਮੀਰ ਕਰਨ ਜਦ ਪਰਜਾ ਬਧ,
ਖਾਵਣ ਵਾੜਾਂ ਖੇਤ ਨੂੰ ਜਦ ਜਾਂਦੀਆਂ ਲੱਗ,
ਰਾਜੇ ਹੀ ਜਦ ਆਪਣਾ ਖੋ ਬੈਠਣ ਤੱਗ,
ਛੋਟੇ ਬੜੇ ਅਮੀਰ ਫੇਰ ਨਹੀਂ ਰਖਦੇ ਹਦ ।
ਓਦੋਂ ਲੋਕੀਂ ਚਾਹੁੰਦੇ ਕੋਈ ਦੇ ਉਲੱਦ
ਐਸੇ ਰਾਜ ਸਮਾਜ ਨੂੰ, ਨੇਕ ਹੋਵੇ ਬਦ ।
ਨਾਦਰ ਸ਼ਾਹ ਵੀ ਇਸ ਤਰ੍ਹਾਂ ਉਠਿਆ ਸੀ ਤਦ,
ਕੀਤੀ ਇਸ ਈਰਾਨ ਵਿਚ ਉਲੱਦ ਪੁਲੱਦ ।
ਕਾਬਲ ਦੇ ਵੀ ਲੋਕ ਮਿਲੇ ਉਸ ਤਾਈਂ ਵੱਧ ।
ਪਾਈ ਹਿੰਦੁਸਤਾਨ ਨੇ ਫਿਰ ਇਸ ਨੂੰ ਸੱਦ ।
ਮੁੰਡਾ 1-
ਹਿੰਦੁਸਤਾਨ 'ਤੇ ਉਸ ਨੇ ਕਿਉਂ ਕਰੀ ਚੜ੍ਹਾਈ
ਕੀਤਾ ਦੁਖੀ ਜਹਾਨ ਨੂੰ, ਦੁਨੀਆਂ ਕੁਰਲਾਈ ।
ਫੌਜਾਂ ਦੀ ਤਾਂ ਗੱਲ ਨਹੀਂ, ਕਤਲਾਮ ਮਚਾਈ,
ਦਿੱਲੀ ਦੇ ਵਿਚ ਇਕ ਰੋਜ਼ ਲੱਖ ਜਿੰਦ ਮੁਕਾਈ ।
ਲੁੱਟ ਮਾਰ ਕੇ ਮੁਗਲ ਦੀ ਉਹ ਦਫ਼ਾ ਉਠਾਈ,
ਹੁਣ ਤੱਕ ਜਗ ਨੂੰ ਯਾਦ ਹੈ ਉਸ ਦੀ ਬੁਰਿਆਈ ।
ਬਾਬਾ ਬੋਹੜ-
ਮੈਨੂੰ ਤਾਂ ਪਤਾ ਹੈ, ਸੁਨ, ਬੀਬਾ ਰਾਣਾ,
ਮਾਰਿਆ ਉਸ ਜਦ ਆਣ ਕੇ ਸੀ ਲੁਦਹਾਣਾ ।
ਕੀਤਾ ਸੀ ਦੋ ਤਿੰਨ ਦਿਨ ਉਸ ਸ਼ਹਿਰ ਠਕਾਣਾ ।
ਚੜਿ੍ਹਆ ਸੁਬਹ ਸ਼ਿਕਾਰ ਨੂੰ ਸੰਗ ਕੁਝ ਜਵਾਨਾਂ ।
ਦਾਖੇ ਈਸੇਵਾਲ ਦਾ ਜੋ ਢੱਕ ਪੁਰਾਣਾ,
ਓਥੋਂ ਤਾਈ ਲੈ ਗਿਆ ਇਕ ਰੋਜ਼ ਸਿਆਣਾ ।
ਮੁੜਿਆ ਸਿਖਰ ਦੁਪਹਰਿਉਂ ਹੋ ਕੇ ਜੀ-ਭਿਆਣਾ ।
ਬੱਦੋਵਾਲ ਦੀ ਸੜਕ 'ਤੇ ਸੀ ਉਸ ਦਾ ਖਾਣਾ ।
ਮੇਰੀ ਛਾਵੇਂ ਬੈਠ ਕੇ ਲਹਿ ਗਈਆਂ ਥਕਾਣਾਂ ।
ਮੁੰਡਾ 2-
ਪੀਤਾ ਤੇਰੇ ਖੂਹ ਚੋਂ ਹੋਉ ਉਸ ਪਾਣੀ ।
ਧੰਨ, ਬਾਬਾ ਤੂੰ, ਧੰਨ ਹੈ ਤੇਰੀ ਜ਼ਿੰਦਗਾਨੀ ।