Back ArrowLogo
Info
Profile

ਬਾਬਾ ਬੋਹੜ

 

ਪਾਤਰ

ਬਾਬਾ ਬੋਹੜ-ਪਰਦੇ ਪਿਛੇ ਇਕ ਆਦਮੀ

ਤਿੰਨ ਚਾਰ ਮੁੰਡੇ - ਉਮਰ ਚੌਦਾਂ ਪੰਦਰਾਂ ਸਾਲ ।

ਪਰਦੇ ਉਤੇ ਢਾਈ ਤਿੰਨ ਸੌ ਸਾਲ ਪੁਰਾਣੇ ਬੋਹੜ ਦਾ ਇਕ ਵਾਸਤਵਿਕ ਚਿੱਤਰ । ਦੋ ਮੱਝਾਂ ਚਾਰਨ ਵਾਲੇ ਮੁੰਡੇ । ਇਹਨਾਂ ਦੀ ਟੋਲੀ ਦੇ ਦੋ ਮੁੰਡੇ ਕੁਝ ਦੂਰ ਵਾਲੀ ਨਹਰ ਵਿਚ ਨਹਾ ਕੇ ਕਪੜੇ ਪਾਂਦੇ ਬੋਹੜ ਵਲ ਨੂੰ ਤੁਰੇ ਆ ਰਹੇ ਹਨ । ਇਹਨਾਂ ਦੋਹਾਂ ਮੁੰਡਿਆਂ ਦੀਆਂ ਉਮਰਾਂ ਪੰਦਰਾਂ ਚੌਦਾਂ ਸਾਲ ਦੀਆਂ ਹਨ ।

ਮੁੰਡਾ 1-

ਬਾਬਾ ਬੋਹੜ ਬਾਬਾ ਬੋਹੜ, ਸਾਡੀ ਟੁਟੀ ਯਾਰੀ ਜੋੜ ।

(ਦੋਵੇਂ ਆਪਣੇ ਆਪਣੇ ਹੱਥਾਂ ਦੇ ਅੰਗੂਠੇ ਮੂੰਹ ਵਿਚ ਪਾ ਕੇ ਚੀਚੀਆਂ ਜੋੜਦੇ ਹਨ ।)

ਮੁੰਡਾ 1- ਬਾਬਾ ਬੋਹੜ, ਬਾਬਾ ਬੋਹੜ, ਸਾਡੀ ਟੁਟੀ ਯਾਰੀ ਜੋੜ ।

ਮੁੰਡਾ 2- ਬਾਬਾ ਬੋਹੜ, ਬਾਬਾ ਬੋਹੜ, ਸਾਡੀ ਟੁੱਟੀ ਯਾਰੀ ਜੋੜ ।

ਮੁੰਡਾ 1- ਹੁਣ ਨਾ ਇਸ ਨੂੰ ਸੱਕੇ ਤੋੜ, ਮੌਤੋਂ ਉਰੇ ਚੀਜ਼ ਕੋਈ ਹੋਰ ।

ਬਾਬਾ ਬੋਹੜ-

ਸੁਣ ਲਓ, ਬੀਬਿਓ, ਮੈਂ ਬਹੁਤ ਨਿਹਾਲ ਹੋਇਆਂ ਤੁਹਾਨੂੰ ਦੇਖ ਕੇ,

ਰਾਂਝੇ ਮਹੀਵਾਲ ਤੁਸੀਂ ਹੋ ਧਰਤੀ ਏਸ ਦੇ ਦੋ ਬੀਬੇ ਬਾਲ ।

ਤੋੜ ਨਿਭਾਇਓ ਯਾਰੀਆਂ, ਇਕ ਦੂਜੇ ਨਾਲ ।

ਤੁਸੀਂ ਹੋ ਸਾਰੇ ਜਾਣਦੇ ਨੱਚਣ ਦੀ ਸਾਰ,

ਜਿਨ੍ਹਾਂ ਤੋਂ ਪੈ ਜਾਂਵਦੇ ਹਨ ਮਾਤ ਨੱਚਾਰ ।

(ਮੁੰਡੇ ਡਰ ਜਾਂਦੇ ਹਨ । ਦੂਜੇ ਮੁੰਡੇ ਵੀ ਇਹਨਾਂ ਪਾਸ ਆ ਜਾਂਦੇ ਹਨ ।)

ਮੁੰਡਾ 1-

(ਆ ਰਹੇ ਮੁੰਡਿਆ ਨੂੰ)

ਆਓ ਯਾਰੋ ਨੱਸ ਕੇ ਸਭ ਮੇਰੇ ਕੋਲ,

ਬਾਬਾ ਬੋਹੜ ਜੇ ਬੋਲਦਾ ਮਰਦਾਂ ਜਿਹੇ ਬੋਲ ।

ਬੋਲ ਰਿਹਾ ਜੇ ਆਦਮੀ ਨਹੀਂ ਘੁਘੀ ਕੋਲ,

ਨਾ ਹੀ ਜਿਨ ਤੇ ਪਰੇਤ ਦੇ ਇਹ ਸੁਹਣੇ ਬੋਲ ।

(ਦੂਜੇ ਮੁੰਡੇ ਨੱਸ ਕੇ ਉਸ ਦੇ ਕੋਲ ਆ ਜਾਂਦੇ ਹਨ ਤੇ ਇਕ ਝੁਰਮਟ ਬਣਾਂਦੇ ਹਨ)

ਬਾਬਾ ਬੋਹੜ-

ਸੁਣੋ ਬੀਬਿਓ ਰਾਣਿਓਂ ਨਹੀਂ ਮੈਥੋਂ ਡਰਨਾ

ਮੈਂ ਨਹੀਂ ਜਿੰਨ ਪਰੇਤ ਭਰਮ ਨਾ ਕੋਈ ਕਰਨਾ ।

ਮੈਂ ਹਾਂ ਬਾਬਾ ਬੋਹੜ ਮੇਰੀ ਕੋਈ ਬਹੁਤੀ ਉਮਰ ਨਾ,

ਤਿੰਨ ਸੌ ਬਰਸੋਂ ਘੱਟ ਤੇ ਖ਼ਬਰੇ ਕਲ ਹੀ ਮਰਨਾ ।

ਇਸ ਦੁਨੀਆਂ ਤੇ, ਸੁਹਣਿਓ, ਨਹੀਂ ਸਦਾ ਵਿਚਰਨਾ,

ਜੇ ਸੌ ਵਰ੍ਹਿਆਂ ਜੀਵਣਾ ਹੈ, ਫਿਰ ਭੀ ਮਰਨਾ ।

ਮਰਦਾਂ, ਬੋਹੜਾਂ, ਨਗਰਾਂ ਇਹ ਕਿਸੇ ਦੀ ਧਰ ਨਾ ।

ਗੱਲਾਂ ਇਕ ਦੋ ਤੁਸਾਂ ਨਾਲ ਜੀ ਚਾਹੇ ਕਰਨਾ ।

3 / 33
Previous
Next