ਰੂੜੇ ਦੀ ਪ੍ਰਸੰਨਤਾ ਦੀ ਹੱਦ ਨਾ ਰਹੀ। ਜੀਵਨ ਵਿਚ ਪਹਿਲੀ ਵੇਰ ਉਹ ਆਪੇ ਤੋਂ ਬਾਹਰ ਹੋਇਆ। ਸ਼ਹਿਰੋਂ ਪਿੰਡ ਨੂੰ ਆਉਂਦਿਆਂ ਜਦੋਂ ਠੇਕੇ ਦੇ ਸਾਹਮਣਿਉਂ ਲੰਘਣ ਲੱਗੇ ਤਾਂ ਰੂੜੇ ਨੇ ਆਪਣੀ ਜੇਬ ਵਿਚੋਂ ਵੀਹ ਰੁਪਏ ਕੱਢ ਕੇ ਜੀਤੇ ਨੂੰ ਦਿੰਦਿਆਂ ਆਖਿਆ, "ਜਾਹ ਫੜ ਲਿਆ ਚਾਰ ਬੋਤਲਾਂ। ਅੱਜ ਤੁਹਾਨੂੰ ਖੁੱਲ੍ਹੀ ਛੁਟੀ ਆ ਮੌਜ ਕਰੋ; ਪਰ ਖਰੂਦ ਨਾ ਕਰਿਓ।"
ਠੇਕੇ ਵੱਲ ਜਾਣ ਦੀ ਥਾਂ ਜੀਤਾ ਲੱਭੂ ਰਾਮ ਹਲਵਾਈ ਦੀ ਹੱਟੀ ਵੱਲ ਚਲਾ ਗਿਆ ਅਤੇ ਦਸ ਸੇਰ ਲੱਡੂ ਲਿਆ ਕੇ ਰੁੜੇ ਦੇ ਸਾਹਮਣੇ ਰੱਖ ਦਿੱਤੇ। ਰੂੜੇ ਨੇ ਪੁੱਛਿਆ, "ਇਹ ਕੀ ?" ਟੀਮ ਦੇ ਮੁੰਡਿਆਂ ਨੇ ਆਖਿਆ, "ਭਲਵਾਨ ਜੀ, ਸਾਡੇ ਲਈ ਤੁਹਾਡੀ ਖੁਸ਼ੀ ਦਾ ਨਸ਼ਾ ਈ ਬਹੁਤ ਆ। ਅਸਾਂ ਸ਼ਰਾਬ ਨਹੀਂ ਪੀਣੀ।" ਰੂੜੇ ਨੇ ਇਕ ਇਕ ਨੂੰ ਗਲ ਲਾਇਆ ਅਤੇ ਆਖਿਆ, "ਬਾਬੇ, ਰੱਬ ਦਿਉ ਬੰਦਿਓ; ਅੱਜ ਤੁਸਾਂ ਰੂੜੇ ਦੀ ਪੱਤ ਰੱਖ ਲਈ। ਆਹ ਲਓ ਪੈਸੇ; ਹੋਰ ਲੱਡੂ ਲਿਆਉ: ਸਾਰੇ ਪਿੰਡ ਵਿਚ ਵੰਡਾਂਗੇ, ਮਜ਼ਾ ਆ ਜੁ ਦੁਸਹਿਰੇ ਦਾ ”
ਘਰ ਆ ਕੇ ਰੁੜੇ ਨੇ ਪੱਗ ਅਤੇ ਇਕ ਸੌ ਇਕ ਰੁਪਏ ਆਪਣੇ ਭਰਾ ਅਤੇ ਕਰਜਾਈ ਦੇ ਪੈਰਾਂ ਉੱਤੇ ਰੱਖ ਕੇ ਸਿਰ ਝੁਕਾਇਆ ਤਾਂ ਹਸਨ ਬੀਬੀ ਨੇ ਉਸਨੂੰ ਗਲਵਕੜੀ ਵਿਚ ਲੈ ਕੇ ਆਖਿਆ, "ਵੇ ਰੁੜਿਆ, ਕੀ ਪਿਆ ਕਰਨਾਂ ਕਰਮਾਂ ਵਾਲਿਆ ? ਤੂੰ ਤੇ ਕੋਈ ਅੱਲਾ ਲੋਕ ਏਂ। ਸਾਨੂੰ ਸਿਜਦਾ ਕਰ ਕੇ ਗੁਨਾਹਗਾਰ ਨਾ ਬਣਾ।"
ਅਗਲੇ ਦਿਨ ਬੂਟਾ ਅਤੇ ਹਸਨ ਬੀਬੀ ਰੂੜੇ ਨੂੰ ਨਾਲ ਲੈ ਕੇ ਨੰਬਰਦਾਰ ਦੇ ਘਰ ਗਏ। ਇਕ ਸੋ ਇਕ ਰੁਪਏ ਅਤੇ ਪੱਗ ਉਸਨੂੰ ਦੇ ਕੇ ਉਨ੍ਹਾਂ ਆਖਿਆ, "ਨੰਬਰਦਾਰ ਜੀ, ਇਹ ਪਿੰਡ ਦੇ ਮੁੰਡਿਆਂ ਦਾ ਅਨਾਮ ਆ; ਸਾਰੇ ਪਿੰਡ ਦਾ ਸਾਂਝਾ। ਇਹਦਾ ਜੋ ਕਰਨਾ ਤੁਸੀਂ ਕਰੋ। ਰੂੜਾ ਕਹਿੰਦਾ ਮੈਂ ਨਹੀਂ ਰੱਖਣਾ।"
ਰੂੜਾ ਸਿਰ ਝੁਕਾਈ ਖਲੋਤਾ ਧਰਤੀ ਵੱਲ ਵੇਖਦਾ ਰਿਹਾ। ਪਿੰਡ ਦੇ ਜੁਆਨ ਮੁੰਡਿਆਂ ਨੂੰ ਮੱਤਾਂ ਦੇਣ ਵਾਲਾ ਰੂੜਾ ਆਪਣੇ ਭਰਾ-ਭਰਜਾਈ ਸਾਹਮਣੇ ਨਿੱਕਾ ਜਿਹਾ ਬਾਲ ਬਣਿਆ ਖਲੋਤਾ ਸੀ। ਨੰਬਰਦਾਰ ਨੇ ਚੰਗੀ ਵਿਉਂਤ ਸੋਚ ਲਈ। ਉਸੇ ਦਿਨ ਪਿੰਡ ਦੇ ਲੋਕਾਂ ਨੂੰ ਇਕੱਠੇ ਕਰ ਕੇ ਬੂਟੇ ਦੇ ਵਾੜੇ ਦੇ ਨਾਲ ਲੱਗਦੀ ਸ਼ਾਮਲਾਟ ਰੁੜੇ ਦੇ ਨਾਂ ਕਰਨ ਦਾ ਫ਼ੈਸਲਾ ਕਰ ਲਿਆ। ਪਿੰਡ ਵਿਚ ਉਗਰਾਹੀ ਲਾ ਦਿੱਤੀ। ਦੋ ਮਹੀਨਿਆਂ ਦੇ ਵਿਚ ਵਿਚ ਰੂੜੇ ਲਈ ਪੱਕਾ ਕਮਰਾ ਪੁਆ ਕੇ ਚਾਰ ਦੀਵਾਰੀ ਵੀ ਕਰਵਾ ਦਿੱਤੀ ਅਤੇ ਵਿਹੜੇ ਵਿਚ ਨਲਕਾ ਵੀ ਲਵਾ ਦਿੱਤਾ।