ਦੇ ਵਿਦਿਆਰਥੀ ਸਨ ਅਤੇ ਉਨ੍ਹਾਂ ਛਿਆਂ ਵਿਚੋਂ, ਉਹਦੇ ਆਪਣੇ ਸਮੇਤ, ਤਿੰਨ ਉਸਦੇ ਆਪਣੇ ਪਿੰਡ ਦੇ ਵਸਨੀਕ। ਪਿੰਡ ਦੇ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਜਗਤ ਰਾਮ ਜੀ ਸੁਰਿੰਦਰ ਨੂੰ ਹੋਣਹਾਰ ਨੌਜੁਆਨ ਸਮਝਦੇ ਹੋਏ ਉਸਦੀ ਅਗਵਾਈ ਅਤੇ ਸਹਾਇਤਾ ਕਰਨ ਦੀ ਇੱਛਾ ਰੱਖਦੇ ਸਨ। ਉਨ੍ਹਾਂ ਨੂੰ ਬਾਬੇ ਰੂੜੇ ਪ੍ਰਤੀ ਸ਼ਰਧਾ ਸੀ। ਉਨ੍ਹਾਂ ਦਾ ਖ਼ਿਆਲ ਸੀ ਕਿ ਜ਼ਿਲ੍ਹਾ ਭੰਗੜਾ ਟੀਮ ਵਿਚ ਇਸ ਇਲਾਕੇ ਅਤੇ ਇਸ ਪਿੰਡ ਦੇ ਮੁੰਡਿਆਂ ਦੀ ਗਿਣਤੀ ਜ਼ਿਆਦਾ ਹੋਣ ਪਿੱਛੇ ਬਾਬੇ ਰੂੜੇ ਦੇ ਵਿਅਕਤਿਤਵ ਅਤੇ ਉਸਦੀ ਘਾਲਣਾ ਨਾਲ ਪੈਦਾ ਕੀਤੇ ਗਏ ਉਤਸ਼ਾਹ ਦਾ ਹੱਥ ਸੀ। ਸੁਰਿੰਦਰ ਇਕ ਅਨਾੜੀ ਜਿਹੇ ਅਨਪੜ੍ਹ ਬੁੱਢੇ ਨੂੰ ਏਨੀ ਮਹਾਨਤਾ ਦੇਣ ਨੂੰ ਤਿਆਰ ਨਹੀਂ ਸੀ; ਵਿਸ਼ੇਸ਼ ਕਰਕੇ ਉਸ ਦਿਨ ਤੋਂ ਜਦੋਂ ਉਸਦੇ ਸ਼ਹਿਰ ਦਾ ਫਿਲਮ ਸਟਾਰ, ਅਮਿਤਾਨੰਦ, ਉਸਦਾ ਭੰਗੜਾ ਅਤੇ ਉਸਦੀ ਐਕਟਿੰਗ ਦੇਖ ਕੇ ਉਸਨੂੰ ਉਚੇਚੇ ਤੌਰ ਉੱਤੇ ਕਹਿ ਗਿਆ ਸੀ ਕਿ ਉਹ ਆਪਣੀ ਤਾਲੀਮ ਖ਼ਤਮ ਕਰ ਲੈਣ ਪਿੱਛੋਂ ਬੰਬਈ ਆ ਜਾਵੇ । ਇਸ ਪ੍ਰਾਪਤੀ ਨਾਲ ਸੁਰਿੰਦਰ ਕੁਝ ਬਹੁਤਾ ਹੀ ਨਸ਼ਿਆ ਗਿਆ ਸੀ। ਉਸਨੇ ਪਿੰਡ ਆ ਕੇ ਆਪਣੀ ਖ਼ੁਸ਼ੀ ਜਗਤ ਰਾਮ ਜੀ ਨਾਲ ਸਾਂਝੀ ਕੀਤੀ ਤਾਂ ਉਨ੍ਹਾਂ ਆਖਿਆ, "ਸੁਰਿੰਦਰ, ਇਹ ਪ੍ਰਸਿੱਧ ਲੋਕ, ਵਿਖਾਵੇ ਦੀ ਦੁਨੀਆਂ ਦੇ ਵਸਨੀਕ ਹੁੰਦੇ ਹਨ। ਇਨ੍ਹਾਂ ਨੂੰ ਆਪਣੇ ਆਪ ਦੇ ਵਿਖਾਵੇ ਦੀ ਜਿੰਨੀ ਲਗਨ ਹੁੰਦੀ ਹੈ, ਓਨੀ ਦੂਜਿਆਂ ਦੇ ਗੁਣਾਂ ਦੀ ਕਦਰ ਕਰਨ ਦੀ ਨਹੀਂ ਹੁੰਦੀ। ਦੂਜੀ ਗੱਲ ਇਹ ਕਿ ਕਲਾ ਨੂੰ ਸਫਲਤਾ ਦਾ ਸਾਧਨ ਮੰਨਣ ਵਾਲੇ ਲੋਕਾਂ ਨੂੰ ਕਲਾ ਦੀ ਸਹਾਇਤਾ ਨਾਲ ਸਫਲਤਾ ਪ੍ਰਾਪਤ ਕਰ ਕੇ ਮਾਨਸਿਕ ਉਤੇਜਨਾ ਹੁੰਦੀ ਹੈ। ਕਲਾ ਨੂੰ ਸੁੰਦਰਤਾ ਦੀ ਉਪਾਸਨਾ ਅਤੇ ਮਾਨਸਿਕ ਸਾਧਨਾ ਮੰਨਣ ਵਾਲੇ ਲੋਕਾਂ ਨੂੰ ਕਲਾ ਅਨੰਦ ਲੋਕ ਵਿਚ ਲੈ ਜਾਂਦੀ ਹੈ। ਅਨੰਦ ਦੇ ਟਾਕਰੋ ਵਿਚ ਉਤੇਜਨਾ ਬਹੁਤੀ ਨੀਵੀਂ ਚੀਜ਼ ਹੈ।"
ਜਗਤ ਰਾਮ ਜੀ ਦੀ ਦੂਜੀ ਗੱਲ ਨੂੰ ਸਮਝਣ ਜੋਗੀ ਸਿਆਣਪ ਸੁਰਿੰਦਰ ਕੋਲ ਨਹੀਂ ਸੀ ਅਤੇ ਪਹਿਲੀ ਗੱਲ ਨੂੰ ਉਨ੍ਹਾਂ ਦਾ ਮਾਨਸਿਕ ਉਲਾਰ ਸਮਝ ਕੇ ਉਹ ਬਾਬੇ ਰੁੜੇ ਅਤੇ ਉਸਦੇ ਸ਼ਰਧਾਲੂਆਂ ਨੂੰ, ਮਨ ਹੀ ਮਨ, ਭੁਲੇਖੇ ਦਾ ਸ਼ਿਕਾਰ ਸਮਝਣ ਲੱਗ ਪਿਆ ਸੀ । ਜਗਤ ਰਾਮ ਜੀ ਬਾਬੇ ਚੂੜੇ ਨਾਲ ਸੁਰਿੰਦਰ ਬਾਰੇ ਗੱਲ ਬਾਤ ਕਰਦੇ ਰਹਿੰਦੇ ਸਨ।
ਬਾਬੇ ਦਾ ਬਹੁਤ ਜੀ ਕਰਦਾ ਸੀ ਸੁਰਿੰਦਰ ਨੂੰ ਮਿਲਣ ਲਈ ਪਰ ਸੁਰਿੰਦਰ ਨੇ ਅਜਿਹੀ ਲੋੜ ਕਦੇ ਨਹੀਂ ਸੀ ਮਹਿਸੂਸੀ। ਉਹ ਮਨ ਹੀ ਮਨ ਬਾਬੇ ਨਾਲ ਈਰਖਾ ਕਰਦਾ ਸੀ। ਬਾਬੇ ਦੀ ਨਜ਼ਰ ਬਹੁਤ ਕਮਜ਼ੋਰ ਹੋ ਚੁੱਕੀ ਸੀ। ਹੁਣ ਉਹ ਆਪਣੇ ਭਰਾ ਭਰਜਾਈ ਅਤੇ ਮਾਤਾ ਪਿਤਾ ਦੀਆਂ ਕਬਰਾਂ ਤਕ ਵੀ ਸਹਾਇਤਾ ਬਿਨਾਂ ਨਹੀਂ ਸੀ ਜਾ ਸਕਦਾ। ਪਿੰਡ ਦੇ ਲੋਕਾਂ ਨੇ ਬਾਬੇ ਦੀਆਂ ਅੱਖਾਂ ਦਾ ਇਲਾਜ ਕਰਵਾਉਣ ਦੀ ਇੱਛਾ ਪਰਗਟ ਕੀਤੀ ਤਾਂ ਉਸ ਨੇ ਆਖ ਦਿੱਤਾ ਸੀ, "ਮੇਰੇ ਜਿੰਨੀਆਂ ਅੱਖਾਂ ਕਿਸ ਕੋਲ ਨੇ ? ਹੁਣ ਬਾਕੀ ਕਿੰਨੀ ਕੁ ਰਹਿ ਗਈ ਹੈ ? ਏਦਾਂ ਹੀ ਲੰਘ ਜਾਏਗੀ।" ਪਰ ਜਗਤ ਰਾਮ ਜੀ ਕੋਲੋਂ ਸੁਰਿੰਦਰ ਦੀਆਂ ਸਿਫ਼ਤਾਂ ਸੁਣ ਕੇ ਬਾਬੇ ਦੀ ਇੱਛਾ ਹੁੰਦੀ ਸੀ ਕਿ ਉਸਦੀ ਨਜ਼ਰ ਇਕ ਵੇਰ ਥੋੜ੍ਹੇ ਚਿਰ ਲਈ ਹੀ ਪਰਤ ਆਵੇ।
ਮੁੱਖ ਮੰਤਰੀ ਦੇ ਦੌਰੇ ਦੀ ਖ਼ਬਰ ਸੁਣ ਕੇ ਸ਼ਹਿਰ ਦੇ ਪਤਵੰਤਿਆਂ ਨੇ ਉਨ੍ਹਾਂ ਦੇ ਮਾਣ