

ਵੀ, ਡਰ ਦੀ ਔੜ ਨਾਲ ਸੋਕੇ ਗਏ। ਤੇ ਫੇਰ ਅਜੈਬ ਨੇ ਉਸਦੇ ਥੁੱਕ ਨੂੰ ਚੂੰਡੀ ਨਾਲ ਚੱਕ ਕੇ ਉਹਦੀ ਸੱਜੇ ਹੱਥ ਦੀ ਤਲੀ ਤੇ ਧਰ ਕੇ ਮੁੱਠੀ ਬੰਦ ਕਰ ਦਿੱਤੀ, 'ਹੂੰਅ! ਆ ਲੈਜਾ..'
'ਤੇ ਦੂਜੇ ਪਾਸੇ ਬਲੌਰਾ ਅਜੇ ਵੀ ਖੇਤ ਵਿੱਚ ਪੱਬਾਂ ਭਾਰ ਓਸੇ ਹੀ ਤਾੜੇ ਵਿੱਚ ਖੜੋਤਾ ਸੀ। ਪਿੰਜਣੀ ਦੇ ਫੱਟ ਵਿੱਚੋਂ ਲਹੂ ਸਿੰਮ ਕੇ ਜੰਮ ਗਿਆ, ਪਰ ਫੇਰ ਵੀ ਜੁੱਤੀ ਵਿੱਚ ਤੈਸ਼ ਨਾਲ ਲਹੂ ਦੀ ਪੂਰੀ ਚਰਗਲ ਵੱਜੀ ਪਈ ਸੀ । ਨਰੋਈ ਲੱਤ ਲਹੂ ਖੜਣ ਕਰਕੇ ਭੂਕ ਕਾਲੀ ਹੋ ਕੇ ਵਾਲਾਂ ਨਾਲ ਮੇਲ ਖਾਣ ਲੱਗ ਪਈ। ਉਹ ਅਜੇ ਅਕਾਸ਼ ਦੀ ਗਾਚੀ ਨੂੰ ਉਸੇ ਥਾਉਂ ਘੂਰਦਾ ਪਿਆ ਸੀ, ਜਿੱਥੋਂ ਨੇ ਆਖ਼ਰੀ ਵਾਰ ਲਿਸ਼ਕ ਕੇ ਪੂਰੀ ਬੜ੍ਹਕ ਮਾਰੀ ਸੀ। ਉਹਦੀ ਅੱਖ ਵਿੱਚ ਆਟੇ ਦੀ ਤੌਣ ਵਾਂਗ ਬਿੰਦ-ਦੀ ਬਿੰਦ ਚੀੜ੍ਹੀ ਹੁੰਦੀ ਲਾਲੀ ਵੀ ਜਿਵੇਂ ਅਕਾਸ਼ ਦੀ ਸੰਘੀ ਨੂੰ ਚੜਣ ਲੱਗ ਪਈ।
ਇਸ ਲਾਲੀ ਵਿੱਚੋਂ ਹੀ ਸੂਰਜ ਦਾ ਭਖਾ, ਹੌਲ਼ੀ-ਹੌਲ਼ੀ ਬੱਦਲਾਂ ਦੀ ਹਿੱਕ ਪਾੜ ਕੇ ਹੱਥੀਂ ਲਾਈ ਟਾਹਲੀ ਦੀਆਂ ਕਰੂੰਬਲਾਂ ਦੇ ਵਿੱਚੋਂ ਦੀ ਉੱਚਾ ਹੋਣ ਲੱਗ ਪਿਆ। ਉਹਨੂੰ ਆਪਣੀ ਹਿੱਕ ਦੇ ਵਾਲ ਵੇਖ ਕੇ ਇਉਂ ਜਾਪਿਆ, ਜਿਵੇਂ ਉਹਨੇ ਢਿੱਡ ਦੀ ਪੀੜ੍ਹ ਠੱਲ੍ਹਣ ਲਈ ਹੁਣ ਤੱਕ ਟਾਹਲੀ ਦੀਆਂ ਜੋ ਜੜ੍ਹਾਂ ਉਬਾਲ ਕੇ ਪੀਤੀਆਂ ਸੀ, ਉਹ ਉੱਗਰ ਪਈਆਂ ਹੋਣ। ਉਹਨੇ ਚਾਅ ਨਾਲ ਬੜਕ ਮਾਰ ਕੇ, ਗੱਲ ਰੜਕਾਈ, 'ਏਥੋਂ ਤਾਂ ਥੁੱਕ-ਮੁੱਠੀਆਂ ਹੋ ਭੱਜ ਗਿਐਂ, ਮੈਦਾਨ ਰੜਾ ਕਰਕੇ, ਪਰ ਸੁੱਕਾ ਜੀ ਜਾਣ ਦੇਣਾ, ਜਿੰਨ੍ਹਾਂ ਵਿੱਚ ਦੀ ਵੜ ਕੇ ਤੂੰ ਭੂਸਰਿਆਂ ਫਿਰਦੈ ਨਾ, ਸਾਡੇ ਢਿੱਡ ਨਾਲ ਢੁੱਡ ਲਾਉਨਾ, ਹੁਣ ਉਨ੍ਹਾਂ ਦੀ ਗਿੱਚੀ ਤੋਂ ਤੇਰੀ ਭਾਣ ਵੱਟੂੰ..!
ਤੇ ਲੱਤ ਨਾਲ ਘੁੱਟ ਕੇ ਬੰਨ੍ਹੇ ਡੱਬੀਦਾਰ ਸਾਫ਼ੇ ਨੂੰ ਖੋਲ੍ਹ ਕੇ, ਸਿਰ ਤੇ ਲੜ ਛੱਡ ਕੇ ਬੰਨ੍ਹ ਲਿਆ, ਤਾਂ ਲੱਤ ਵਿੱਚ ਫਿਰ ਜਾਨ ਪੈਣ ਲੱਗ ਪਈ, ਜੀਹਦੇ ਪੈਰ ਦੀ ਪੱਬੀ ਥੱਲੇ ਸੱਪ ਦੀ ਵੱਢੀ ਸਿਰੀ ਨੱਪੀ ਹੋਈ ਸੀ । ਫੇਰ ਕਾਪੇ ਵਾਲੇ ਹੱਥ ਵਿੱਚ ਲਾਲਟੈਣ ਫੜ੍ਹ ਕੇ, ਪੱਕੇ ਦੁੱਧ ਪਈ ਕਣਕ ਦੀਆਂ ਬੱਲੀਆਂ ਦੇ ਕਸੀਰਾਂ ਨੂੰ ਪਲੋਸਦਾ ਹੋਇਆ ਕਦੇ-ਕਦੇ ਮੁੱਛ ਨੂੰ ਤਾਅ ਦਿੰਦਾ, ਪਿੰਡ ਵਾਲੇ ਰਾਹ ਪੈ ਗਿਆ..!
2 ਜੂਨ 2007
*** *** ***