ਬਲੌਰੇ ਦੇ ਅਕਲ ਖ਼ਾਨੇ ਪੈ ਗਈ ਕਿ, 'ਬੇਬੇ ਹੁਣ ਏਸ ਪੀੜ੍ਹੀ ਨੂੰ ਛੱਡ ਕੇ ਅਗਲੀ ਕੁੱਲ ਬਾਰੇ ਸੋਚਣ ਲੱਗ ਪਈ ਐ'। ਉਹ ਕਣਕ ਦੀ ਬੋਰੀ ਕੋਲ ਪੱਟੀ ਖੁੱਡ ਵੱਲ ਵੇਖਣ ਲੱਗ ਪਿਆ, ਜੀਹਦੇ ਚ ਵਸਣ ਵਾਲਾ ਚੂਹਾ ਉਹਨਾਂ ਤੋਂ ਡਰ ਕੇ ਕਦੇ ਵੀ ਨਹੀਂ ਸੀ ਭੱਜਿਆ। ਫੇਰ ਢਿੱਡ ਵਿੱਚ ਪਈ ਭੁੱਬਲ ਚਿੱਥ ਕੇ ਬਾਹਰ ਕੱਢੀ, 'ਘਾਣੀ ਤਾਂ ਫੇਰ ਤੇਰੇ ਸਾਬ ਨਾਲ ਲੋਟ ਐ, ਅਣਖ਼ ਫੜਕਾ ਕੇ ਈ ਸਈ, ਚੱਲ ਔਣ ਆਲ਼ੇ ਲੁੰਗ-ਲਾਣੇ ਦਾ ਕੁਛ ਤਾਂ ਸਮਾਰ ਲੀਏ, ਹੂੰ..।
ਉਹ ਰੋਂਦੂ ਜਿਹਾ ਮੂੰਹ ਬਣਾ ਕੇ ਦੀਸਾਂ ਵੱਲ ਵੇਖ ਕੇ ਹੱਸ ਪਿਆ। ਜੋ ਪਰਸੋਂ ਦੀ ਨਸੀਬੋ ਦੇ ਹਯਾ ਲਾਹੁਣ ਕਰਕੇ ਅਜੇ ਤੱਕ ਮੂੰਹ ਢਿੱਲ੍ਹਾ ਕਰੀ ਬੈਠੀ ਸੀ।
'ਮੇਰੀ ਰੈ ਨੂੰ ਟਿੱਚ ਨਾ ਗੌਲੀਂ" ਅੱਗੇ ਨਿਉਂ ਕੇ ਗਲੋਟੇ ਦੇ ਤੰਦ ਨੂੰ ਫੜ੍ਹ ਕੇ, ਅਗੂੰਠੇ ਨੂੰ ਥੁੱਕ ਲਾ ਕੇ ਫੇਰ ਜੋੜ ਲਿਆ, 'ਵਾਰੇ ਨਿਆਰੇ ਹੋਣ-ਗੇ, ਮੇਰੀ ਆਖੀ ਲੋਹੇ ਤੇ ਲਖੀਤਰ ਜਾਣ' ਅਟੇਰਨ ਦੀ ਅੱਸੀ ਨਾਲ ਉਹਨੇ ਧਰਤੀ ਤੇ ਲਕੀਰ ਖਿੱਚ ਦਿੱਤੀ।
ਇੰਨੇ ਅਜੈਵ ਨੇ ਚੌਂਤਰੇ ਤੇ ਆਉਣ ਤੋਂ ਪਹਿਲਾਂ ਖੰਗੂਰਾ ਮਾਰਿਆ ਤਾਂ ਜੋ ਦੀਸਾਂ ਹਿੱਕ ਤੇ ਚੁੰਨੀ ਦੀ ਬੁੱਕਲ ਮਾਰ ਲਏ। ਕਿੱਲੀ ਤੇ ਟੰਗੀ ਮਸ਼ਕ ਵਿੱਚੋਂ ਪਾਣੀ ਪੀਣ ਲਈ ਆਇਆ, ਤੇ ਪਤਾ ਨਹੀਂ ਕੀਹਨੂੰ ਸੁਣਾਈ ਗਿਆ, 'ਫੰਡਰ ਕੁੱਤੀ ਕਤੂਰਿਆਂ ਦੀ ਰਾਖੀ ਗੱਲਾਂ ਚ ਆ ਕੇ ਚਾਰ ਘੁੰਮਾਂ ਪੈਲੀ ਸੋਡੇ ਪੁੱਤ ਦੇ ਨਾਂ ਕਾਹਦੀ ਲਵਾ-ਤੀ, ਹੁਣ ਠਾਂਗਰ ਬਣ ਕੇ ਵਖੌਂਦੇ ਐ, ਕੈ ਚਿਰ ਹੋ ਗਿਐ ਰੰਬੀ ਜਾਂਦੇ ਨੂੰ ਬੀ ਪਾਣੀ ਦੀ ਘੁੱਟ ਫੜ੍ਹਾ-ਜੋ ਇੰਨੇ ਹੀ ਬਲੌਰੇ ਦੇ ਖੱਬੇ ਹੱਥ ਦੀ ਵੱਜੀ ਚੁਟਕੀ ਸੁਣ ਕੇ ਉਹ ਦੋਵੇਂ ਹੱਥ ਪਿੱਛੇ ਕਰਕੇ ਬਾਹਰ ਨੂੰ ਤੁਰ ਗਿਆ। ਉਹਦਾ ਚਿੱਤ ਕਰਿਆ ਕਿ ਹੁਣੇ ਬੰਨ੍ਹੀ ਪੱਗ ਦਾ ਲੜ੍ਹ ਲੋਟ ਕਰਨ ਦੇ ਪੱਜ ਨਾਲ ਪਿੱਛੇ ਭਉਂਕੇ ਬਲੌਰੇ ਵੱਲ ਵੇਖੇ, ਪਰ ਏਨੀ ਹਿੰਮਤ ਵੀ ਉਹ ਨਹੀਂ ਸੀ ਕਰ ਸਕਿਆ। ਬਾਹਰ ਆ ਕੇ ਉਹਨੇ ਦੋਵਾਂ ਹੱਥਾਂ ਦੀ ਕੋਕਲੀ ਬਣਾ ਕੇ, ਤਖਤੇ ਦੀ ਵੱਡੀ ਵਿਰਲ ਵਿੱਚੋਂ ਵੀ ਸੁਆਤ ਵਿੱਚ ਬੈਠੇ ਬਲੌਰੇ ਨੂੰ ਗਹੁ ਨਾਲ ਵੇਖਿਆ, 'ਹੂੰ' ਕਹਿ ਕੇ ਸੱਥ ਵੱਲ ਜਾਣ ਦੀ ਬਿਜਾਏ ਫੇਰ ਨੀਵੀਂ ਸਿੱਟ ਕੇ ਤੁਰਦਾ ਹੋਇਆ ਛੱਤੜੇ ਹੇਠ ਪਏ ਆਵਦੇ ਮੰਜੇ ਤੇ ਆ ਕੇ ਬਹਿ ਗਿਆ।
'ਖੁੱਲ੍ਹਾ ਖੇਡਣ ਦੇ' ਬਲੌਰੇ ਨੇ ਤੱਸਲੇ ਵਿੱਚੋਂ ਬੁੜਕ ਰਹੇ ਗਲੋਟੇ ਨੂੰ ਚੁੱਕ ਕੇ ਭੁੰਜੇ ਰੱਖ ਦਿੱਤਾ। ਨਸੀਬੋ ਨੇ ਉਹਦੇ ਝੱਗੇ ਦੀ ਪਾਟੀ ਜੇਬ ਵੇਖੀ ਤਾਂ ਉਹਨੇ ਕਿਹਾ, 'ਰਾਤੀ ਏਹ ਸੂਲ ਆਨੂੰ ਚੁਬੀ ਜਾਂਦੀ ਸੀਗੀ, ਪਾੜ ਕੇ ਮੈਂ ਬਲਦੀ ਜੋਤ ਵਿੱਚ ਸਾੜ੍ਹ-ਤੀ, ਜਿਦੋਂ ਐਦੇ ਚ ਕੁਛ ਪਾਉਣ ਨੂੰ ਈ ਨੀਂ ਹੁੰਦਾ, ਫੇਰ ਕਾਹਨੂੰ ਐਵੇਂ ਭਾਰ ਚੁੱਕਣਾ।
ਤੇ ਬਾਹਾਂ ਨੂੰ ਸਿਰ ਓਤਦੀ ਉਲਾਰ ਕੇ ਨੇਸ਼ਤੀ ਭੰਨ੍ਹੀ ਤੇ ਘਰੋਂ ਤੁਰ ਗਿਆ। ਗੋਢਿਆਂ ਤੋਂ ਨੀਵਾਂ ਮੂੰਗੀਏ ਰੰਗ ਦਾ ਕੁੜਤਾ ਤੇ ਗਿੱਟਿਆਂ ਤੋਂ ਥੋੜ੍ਹਾ ਚੱਕਵਾਂ ਭੂਰਾ ਚਾਦਰਾ ਉਹਦੀ ਦਿੱਖ ਨੂੰ ਹੋਰ ਵੀ ਨਰੋਆ ਬਣਾਉਂਦਾ ਪਿਆ ਸੀ । ਸਾਫਾ ਉਹ ਕੰਨ ਕੋਲੋਂ ਲੜ੍ਹ ਛੱਡ ਕੇ ਬੰਨ੍ਹਦਾ ਸੀ। ਹਨੇਰੀ ਨੇ ਗਲੀਆਂ ਵਿੱਚ ਵਿਛੀ ਕੱਕੀ-ਰੇਤ ਉਡਾ ਕੇ 'ਖੂੰਜੇ-ਲੈਨ' ਲਾ ਦਿੱਤੀ ਸੀ ਤਾਂ ਹੇਠਾਂ ਤੋਂ ਪੱਕ-ਰੋੜ ਨਿਕਲ ਆਈ। ਰੋੜਾਂ ਦੇ ਮਿਧਣ ਦੀ ਅਵਾਜ਼ ਜੁੱਤੀ ਹੇਠੋਂ 'ਜਰਕ' ਕਰਕੇ ਆਉਂਦੀ ਪਈ ਸੀ, ਜੋ ਉਹਨੂੰ ਹੋਰ