Back ArrowLogo
Info
Profile
ਗੁਰੂ ਜੀ- ਅੰਮ੍ਰਿਤ ਤੇਰੀ ਜਾਤ ਜਨਮ ਦੀ ਹੀਣਤਾ ਖੋਏਗਾ, ਤੂੰ ਆਪਣੇ ਅੰਦਰੋਂ ਆਪਣੀ ਭਾਵ ਵਿਚ ਵਸ ਰਹੀ ਹੀਣਤਾ ਦੂਰ ਕਰ ਦੇਹ। ਉੱਚ ਕਰਮੀ ਹੋ, ਉੱਚ ਸੁਰਤਾ ਹੈ, ਉੱਚ ਭਾਵਾਂ ਵਿਚ ਵਸ। ਪਰਵਾਹ ਨਾ ਕਰ ਅਭਿਮਾਨ ਨਾਲ ਉੱਚੇ ਬਣ ਰਿਹਾਂ ਦੀ।

ਸਿਖ-- ਪਾਤਸ਼ਾਹ, ਮੇਰਾ ਪਿੰਡ ਅੱਧਾ ਬ੍ਰਾਹਮਣਾਂ ਦਾ ਅੱਧਾ ਜ਼ਿਮੀਂਦਾਰਾਂ ਦਾ ਹੈ, ਮੇਰੇ ਪਿੰਡ ਦਾ ਇਕ ਬ੍ਰਾਹਮਣ ਆਪ ਦਾ ਸਿਖ ਹੋਇਆ ਹੈ, ਓਸ ਅੰਮ੍ਰਿਤ ਛਕਿਆ ਹੈ, ਉਸ ਨਾਲ ਬ੍ਰਾਹਮਣ ਖੁਣਸਦੇ ਹਨ। ਮੈਨੂੰ ਓਸ ਨੇ ਆਪ ਦੀ ਦੱਸ ਪਾਈ ਹੈ। ਉਸ ਆਖਿਆ ਹੈ ਕਿ ਗੁਰੂ ਗੋਦੀ ਵਿਚ ਜਾਤ ਅਜਾਤ ਦਾ ਭੇਦ ਨਹੀਂ ਹੈ ਮੈਂ ਤਾਂ ਬੀ ਡਰਦਾ ਡਰਦਾ ਆਇਆ ਸਾਂ। ਪਰ ਸਦਕੇ ਹਾਂ ਆਪ ਦੇ ਨੀਵਿਆਂ ਨੂੰ ਉੱਚੇ ਕਰਨ ਦੇ ਬਿਰਦ ਦੇ।

ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ॥

ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ॥

(ਰਾਮ: ਵਾਰ ਮਹਲਾ ੫-੧)

ਗੁਰੂ ਜੀ- ਪਰਮੇਸ਼ਰ ਤੋਂ ਵੇਮੁਖਤਾ, ਆਚਰਨ ਦਾ ਨੀਵਾਪਨ, ਸੁਭਾਵ ਦੀ ਨੀਚਤਾ ਪਰਸਪਰ ਵਰਤਾਉ ਵਿਚ ਈਰਖਾ, ਇਸ ਤਰ੍ਹਾਂ ਦੇ ਅਵਗੁਣ ਜਾਤ ਨੂੰ ਨੀਵਿਆਂ ਕਰਦੇ ਹਨ। ਅਵਗੁਣ ਤਿਆਗਣੇ, ਗੁਣ ਵਿਹਾਝਣੇ, ਬਾਣੀ ਪੜ੍ਹਨੀ, ਸੁਣਨੀ, ਵਿਚਾਰਨੀ, ਨਾਮ ਜਪਣਾ ਇਹ ਉੱਤਮ ਜਾਤੀ ਹੋਣਾ ਹੈ।

ਸਿਖ- ਧੰਨ ਹੋ ਦਾਤਾ ਗੁਰੂ ਜੀ!

ਫਿਰ ਹੁਕਮ ਹੋ ਗਿਆ ਕਿ ਇਸ ਨੂੰ ਅੰਮ੍ਰਿਤ ਛਕਾਓ, ਅਭੇਦ ਵਰਤਾਓ। ਕੱਲ ਦੇ ਦੀਵਾਨ ਵਿਚ ਕੜਾਹ ਪ੍ਰਸ਼ਾਦ ਇਹ ਆਪ ਤਿਆਰ ਕਰਕੇ ਲਿਆਵੇ ਤੇ ਸੰਗਤ ਵਿਚ ਵਰਤੇ {ਇਕ ਕਲਾਲ ਖਾਨਦਾਨ ਤੋਂ ਮਿਲੀ ਰਵਾਯਤ ਹੈ} ਐਉਂ ਦਾਤਾ ਜੀ ਜਾਤਾਂ ਦੀਆਂ ਪਾਲਾਂ ਢਾਹ ਰਹੇ ਸਨ ਤੇ ਸਾਰਿਆਂ ਨੂੰ ਵਾਹਿਗੁਰੂ ਦੀ ਗੋਦ ਪਾ ਰਹੇ ਸਨ। "ਜਾਤਿ ਕਾ ਗਰਬੁ ਨ ਕਰੀਅਹੁ ਕੋਈ” ਦੇ ਪਵਿੱਤ੍ਰ ਵਾਕ ਨੂੰ ਅਮਲੀ ਤੌਰ ਤੇ ਵਰਤਕੇ ਦਿਖਾ ਰਹੇ ਸਨ। ਅੱਜ ਜੋ ਸਿੱਖੀ ਵਿਚ ਸਾਰੀਆਂ ਜਾਤਾਂ ਸਨਮਾਨਤਿ ਹਨ ਤੇ ਹੁਣ ਜਾਗ੍ਰਤ ਆ ਰਹੀ ਹੈ ਕਿ ਹਿੰਦੂ ਆਪ ਅਛੂਤਾਂ ਨੂੰ ਰਲਾਉਣ ਵਿਚ ਲਗੇ ਹਨ।

11 / 50
Previous
Next