ਦੂਜੇ ਦਿਨ ਸਵੇਰੇ ਰਣਜੀਤ ਨਗਾਰਾ {ਖਾ. ਤ੍ਰਾ. ਵਿਚ ਲਿਖਿਆ ਹੈ ਕਿ 1757 ਬਿ. ਦੇ ਹੋਲੇ ਮਹੱਲੇ ਦੇ ਮਗਰੋਂ ਇਹ ਵਾਰਤਾ ਹੋਈ ਸੀ} ਵੱਜ ਪਿਆ, ਖਾਲਸਾ ਤਿਆਰ ਬਰ ਤਿਆਰ ਹੋ ਗਿਆ। ਗੁਰੂ ਸਾਹਿਬ ਆਪ ਬੀ ਕਮਰਕੱਸਾ ਕਰਕੇ ਬਲੀ ਘੋੜੇ ਤੇ ਚੜ੍ਹ ਕੇ ਆ ਗਏ। ਨਾਲ ਦਲ ਲੈ ਲਿਆ ਤੇ ਓਸੇ ਰਾਹ ਟੁਰ ਪਏ, ਜਿਸ ਰਾਹੇ ਕਿ ਗਹਿਬਰ ਬਨਾਂ ਵਿਚ ਜਾ ਪਹੁੰਚਣ। ਨਗਾਰੇ ਵੱਜਦੇ ਤੇ ਸ਼ਲਕਾਂ ਹੁੰਦੀਆਂ, ਸ਼ਿਕਾਰ ਮਾਰਦੇ ਇਕ ਉੱਚੇ ਟਿੱਲੇ ਤੇ ਜਾ ਪਹੁੰਚੇ, ਚਾਰ ਚੁਫੇਰੇ ਪਹਾੜਾਂ ਦੇ ਬਨ ਵੇਖੇ। ਇਥੇ ਸਤਿਗੁਰੂ ਜੀ ਨੇ ਖੜੇ ਹੋ ਕੇ ਇਕ ਤੀਰ ਸੇਧਿਆ। ਕਵੀ ਸੰਤੋਖ ਸਿੰਘ ਜੀ ਇਸਦੀ ਉਪਮਾ ਲਿਖਦੇ ਹਨ-
ਗਰਜਿਓ ਗਗਨ ਭਈ ਧੁਨਿ ਭਾਰੀ। ਇਮ ਸਭ ਸਥਲ ਅਵਾਜ਼ ਉਚਾਰੀ: 'ਰਾਖ ਲੇਹੁ ਗੁਰ ਜੀ! ਰਖ ਲੇਹੂ। ਤੁਮ ਸਮਾਨਤਾ ਬਨਹਿ ਨ ਕੇਹੂ। ਤਜਹੁ ਛੋਭ ਉਰ ਕਰਨਾ ਕੀਜੈ। ਅਪਨੇ ਜਾਨਹੁ ਰਾਖ ਲਈਜੈ'।
ਫਿਰ ਗੁਰੂ ਜੀ ਨੀਲੇ ਘੋੜੇ ਚੜ੍ਹੇ ਹੋਏ ਟਿੱਲੇ ਤੋਂ ਹੇਠਾਂ ਉਤਰੇ ਤੇ ਇਧਰ ਉਧਰ ਸ਼ਿਕਾਰਾਂ ਮਗਰ ਲੱਗੇ। ਇਸ ਤਰ੍ਹਾਂ ਖੇਡਦੇ ਮੱਲ੍ਹਦੇ ਘੋੜੇ ਸ਼ਿਕਾਰਾਂ ਮਗਰ ਸੁੱਟਦੇ ਬਹੁਤ ਦੂਰ ਨਿਕਲ ਗਏ। ਇਥੋਂ ਤਾਂਈਂ ਚਲੇ ਗਏ ਕਿ ਰਾਜਿਆਂ ਦੇ ‘ਲੁਕ ਥਾਂ ਦੀ ਮਾਰ ਹੇਠ ਜਾ ਪਹੁੰਚੇ।
ਰਾਜਿਆਂ ਦਾ ਬਣਾਇਆ ਲੁਕਵਾਂ ਵੱਡਾ ਡੇਰਾ ਹੁਣ ਨੇੜੇ ਹੀ ਸੀ। ਓਥੇ ਦੋ ਸਰਦਾਰ ਬਲੀਆ ਚੰਦ ਤੇ ਆਲਮ ਚੰਦ ਫੌਜ ਸਮੇਤ ਟਿਕੇ ਰਹਿੰਦੇ ਸਨ। ਇਹ ਸਹੀ ਕਰਕੇ ਕਿ ਗੁਰੂ ਜੀ ਅੱਜ ਸ਼ਿਕਾਰ ਚੜ੍ਹੇ ਹਨ ਤੇ ਇਸ ਪਾਸੇ ਆ ਨਿਕਲੇ ਹਨ ਓਹ ਤਿਆਰ ਹੋ ਰਹੇ ਸਨ ਤੇ ਹੁਣ ਇਹ ਸੋ ਪਾ ਕੇ ਕਿ ਅੱਗੇ ਵਧ ਆਏ ਹਨ ਤੇ ਸਾਡੀ ਜ਼ੱਦ ਹੇਠਾਂ ਪਹੁੰਚ ਪਏ ਹਨ, ਓਹ ਬੜੇ ਹੀ ਖੁਸ਼ ਹੋਏ। ਹੁਕਮ ਹੋ ਗਿਆ ਅਸਵਾਰਾਂ ਨੂੰ: ਸਵਾਰ ਹੋ