ਜਿਸ ਟਿਕਾਣੇ ਗੁਰੂ ਜੀ ਖੜੇ ਸੇ, ਸੋ ਬੜੇ ਲਾਭ ਦਾ ਟਿਕਾਣਾ ਸੀ। ਜੰਗ ਭੂਮੀ ਤੇ ਸਾਰੀ ਨਿਗਾਹ ਪੈਂਦੀ ਸੀ ਤੇ ਉਚੇਰਾ ਥਾਂ ਸੀ। ਇਥੋਂ ਹੁਣ ਸਤਿਗੁਰੂ ਜੀ ਨੇ ਬੀਰਾਸਨ ਹੋ ਕੇ ਤੀਰ ਚਲਾਇਆ ਜੋ ਸੂਕਦਾ ਗਿਆ ਤੇ ਵਧੇ ਆ ਰਹੇ ਦੁਸ਼ਮਨ ਵਿਚ ਵੱਜਾ। ਐਉਂ ਪੰਜ ਤੀਰ ਵਾਰੋ ਵਾਰੀ ਚਲਾਏ ਜੋ ਐਨ ਟਿਕਾਣੇ ਪਹੁੰਚਕੇ, ਜਾਪਦਾ ਹੈ ਕਿ ਵੈਰੀ ਦੇ ਜ਼ਰੂਰੀ ਬੰਦਿਆਂ ਨੂੰ ਲੱਗੇ ਕਿ ਉਨ੍ਹਾਂ ਪਰ ਅਚਾਨਕ ਮਾਰ ਪੈਣ ਨਾਲ ਤੇ ਜ਼ਰੂਰੀ ਆਦਮੀਆਂ ਦੇ ਡਿੱਗਣ ਨਾਲ ਵਧਣ ਦਾ ਚਾਉ ਥੰਮ੍ਹ ਗਿਆ ਤੇ ਝਿਜਕ ਕੇ ਖੜੋ ਗਏ। ਇਸ ਵੇਲੇ ਲਿਖਿਆ ਹੈ ਕਿ ਐਉਂ ਜਾਪੇ ਜਿਵੇਂ ਅਕਾਸ਼ ਵਿਚ ਦਲਾਂ ਦੇ ਦਲ ਛਾ ਗਏ ਹਨ। ਖ਼ਾਲਸੇ ਨੂੰ ਗੁਰੂ ਜੀ ਨੇ ਦਿਖਾਇਆ ਤੇ ਆਯਾ ਕੀਤੀ ਕਿ ਜਾਓ ਲੜੋ, ਅਸੀਂ ਐਥੋਂ ਮੈਦਾਨ ਸੰਭਾਲਾਂਗੇ। ਇਹ ਰੰਗ ਵੇਖ ਕੇ ਤੇ ਗੁਰੂ ਜੀ ਦੇ ਪੰਜਾਂ ਤੀਰਾਂ ਦੀ ਬਰਕਤ ਨਾਲ ਦੁਸ਼ਮਨ ਦੇ ਪੈਰ ਅਟਕਦੇ ਤੱਕ ਕੇ ਖ਼ਾਲਸਾ ਨਵੀਂ ਜਾਨ ਫੜ ਕੇ ਮੁੜਿਆ ਤੇ ਜਾ ਜੁੱਧ ਵਿਚ ਧਸਿਆ। ਬਾਕੀ ਸਾਰੇ ਵੀਰਾਂ ਨੂੰ ਪੁਕਾਰਕੇ ਦੱਸ ਦਿੱਤਾ ਕਿ ਗੁਰੂ ਜੀ ਰਿੜੀਏ ਖੜੇ ਤੀਰ ਚਲਾ ਰਹੇ ਹਨ, ਦੇਖੋ ਦੁਸ਼ਮਨ ਰੁਕ ਗਿਆ ਹੈ। ਔਹ ਤੱਕ ਕਿੰਨੇ ਪਹਾੜੀਏ ਤੀਰ ਪਰੋਤੇ ਡਿੱਗੇ ਹਨ, ਅਸਮਾਨਾਂ ਵਲ ਵੇਖੋ ਕਿ ਅਗੰਮੀ ਫੌਜਾਂ ਦੇ ਕਿਵੇਂ ਝਾਂਵਲੇ ਪੈ ਰਹੇ ਹਨ। ਨੱਠੇ ਜਾਂਦੇ ਤੇ ਮਾਰ ਦੀ ਜਦ ਹੇਠਾਂ ਮਾਰ ਖਾ ਰਹੇ ਖ਼ਾਲਸੇ ਵਿਚ ਨਵੀਂ ਜਾਨ ਆ ਗਈ, ਸਾਰੇ ਰੁਕ ਗਏ ਤਾਂ ਪੈਰ ਜਮਾ ਕੇ ਅੜ ਖੜੋਤੇ। ਹੁਣ ਜੁੱਧ ਹੋਰ ਸ਼ਕਲ ਪਕੜ ਗਿਆ।
ਸਿਖਾਂ ਪਰ ਵਧੇ ਆਉਣਾ ਪਹਾੜੀਆਂ ਦਾ ਠੱਸਾ ਖਾ ਗਿਆ ਤੇ ਉਹਨਾਂ ਨੂੰ ਆਪਣੇ ਵਿਚੋਂ ਡਿੱਗਦੇ ਆਦਮੀ ਵੇਖਕੇ ਘਬਰਾ ਹੋਣ ਲੱਗਾ ਕਿ ਇਹ ਤੀਰ ਨਿਸ਼ਾਨਿਉਂ ਨਾ ਉੱਕਣ ਵਾਲੇ ਕਿੱਥੋਂ ਪੈ ਰਹੇ ਹਨ। ਸੋ ਬਚਾਉ ਦੀ ਵਿਚਾਰ ਕਰਕੇ ਓਹ ਰੁਕੇ। ਖ਼ਾਲਸੇ ਨੇ ਹੁਣ ਤੁਮਲ ਜੁੱਧ ਮਚਾ ਦਿੱਤਾ।
ਤੁਮਲ ਜੁੱਧ ਤਬ ਹੋਵਨ ਲਾਗਾ।
ਮਨਹੁ ਰੁੱਦ੍ਰ ਰਸ ਸੋਵਤਿ ਜਾਗਾ॥੧੩॥
ਭਿੜੇ ਭੇੜ ਭਟ ਮੁੜ ਮੁੜ ਲੜੇ।
ਜੇ ਭਾਜਤਿ ਧਰਿ ਧੀਰਜ ਖੜੇ।