ਲੇਖੈ ਇਕ ਗੱਲ
ਉਸ ਸਾਰੇ ਦਾ ਇਹੀ ਮੂਲ ਹੈ, ਜੋ ਅਸੀਂ ਮੂਰਖਾਂ ਵਾਂਗ ਗੁਰੂ ਦੇ ਮਨ ਵਿਚੋਂ ਭਾਲਦੇ ਹਾਂ। ਕੀ ਅਸੀਂ ਸਿਵਾਏ ਅਗਿਆਨਤਾ ਅਤੇ ਮ੍ਰਿਗ ਤ੍ਰਿਸ਼ਣਾ ਦੇ ਭਰਮ ਹੇਠ ਨਹੀਂ, ਜਿਵੇਂ ਕਿ ਰੇਗਿਸਤਾਨ ਦੀ ਚਮਕ ਵਿਚੋਂ ਪਾਣੀ ਦੀ ਆਸ ਤੇ ਹਰਨ ਚੁੰਗੀਆਂ ਭਰਦਾ ਦਿਸ ਆਉਂਦਾ ਹੈ। ਇਸ ਤਰ੍ਹਾਂ ਅਸੀਂ ਬੱਧੇ ਹੋਏ ਹਾਂ। ਅਸੀਂ ਕਦੋਂ ਆਜ਼ਾਦ ਹੋਵਾਂਗੇ? ਆਪਣੇ ਸਵੈ-ਭਰਮਾਂ ਵਹਿਮਾਂ ਵਿਚ ਬੱਝਿਆਂ ਰਹਿਣਾ ਹੀ ਮਹਾਨ ਦੁੱਖ ਦਾ ਕਾਰਣ ਹੈ। ਜੇ ਕੋਈ ਜ਼ਾਲਮ ਸਾਨੂੰ ਨੂੜਦਾ ਹੈ ਤਾਂ ਉਸ ਵੱਲੋਂ ਦਿੱਤੇ ਗਏ ਤਸੀਹਾਂ ਤੇ ਅਸੀਂ ਨੱਕ ਮੂੰਹ ਚੜ੍ਹਾ ਸਕਦੇ ਹਾਂ। ਪਰ ਸਾਡੇ ਆਪਣੇ ਸਵੈ-ਬੰਧਨ ਕਿੰਨੇ ਦੁਖਾਂਤਕ ਹਨ? ਮੈਂ ਤਾਂ ਸਮਝ ਲਿਆ ਹੈ, ਪਰ ਕੀ ਤੁਸੀਂ ਵੀ ਜਾਣ ਗਏ ਹੋ। ਜਦੋਂ ਮੇਰੇ ਆਪਣੇ ਕਮਰੇ ਵਿਚ ਹਨੇਰਾ ਹੈ, ਤਾਂ ਸਭ ਤੋਂ ਵਡਾ ਰੂਹਾਨੀ ਕਾਰਜ, ਆਕਾਸ਼ ਤੋਂ ਤਾਰੇ ਲਿਆਉਣ ਦੀ ਬਜਾਏ ਕਮਰੇ ਵਿਚ ਇਕ ਦੀਵਾ ਜਗਾ ਕੇ ਹਨੇਰਾ ਦੂਰ ਕਰਨ ਵਿਚ ਹੈ। ਉਹ ਇਸਤਰੀ, ਜੋ ਸਵੇਰੇ ਘਰ ਨੂੰ ਬੁਹਾਰਦੀ ਹੈ, ਸ਼ਾਮ ਨੂੰ ਦੀਵਾ ਜਗਾਉਂਦੀ ਹੈ ਅਤੇ ਚੁਲ੍ਹੇ ਕੋਲ ਬੈਠੀ ਬੱਚਿਆਂ ਨੂੰ, ਇਥੋਂ ਤਕ ਕਿ ਬੱਚਿਆਂ ਦੇ ਬਾਪ ਨੂੰ ਜੋ ਉਸ ਲਈ ਮਨੁੱਖ ਦਾ ਜੇਠਾ ਪੁੱਤਰ ਹੈ, ਨੂੰ ਰੋਟੀ ਲਈ ਉਡੀਕਦੀ ਹੈ, ਜੀਵਨ ਪੱਥ ਤੇ ਸਿਮਰਨ ਦੀ ਅਜਿਹੀ ਸ਼ਾਂਤੀ ਖਲੇਰਦੀ ਹੈ, ਜੋ ਸਦੀਵੀ ਹੈ, ਜੀਵਨ ਬਖ਼ਸ਼ਦੀ ਹੈ।
ਅਜ ਦੇ ਫਿਲਮ ਸਟਾਰ ਦੀ ਟੁੱਟਦੇ ਤਾਰੇ ਵਰਗੀ, ਵਿਗਿਆਨੀਆਂ ਵਾਲੀ ਝਾਤ ਵਿਚ ਮੇਰੀ ਕੋਈ ਦਿਲਚਸਪੀ ਨਹੀਂ। ਉਸ ਨੂੰ ਇਕ ਕਲਾਕਾਰ ਕਿਹਾ ਜਾਂਦਾ ਹੈ, ਪਰ ਜਿਵੇਂ ਕਿ ਮੈਂ ਪਹਿਲਾਂ ਕਿਹਾ ਹੈ ਗੁਰੂ ਨਾਨਕ ਦੇ ਸਿਮਰਨ ਨੇ ਲੋਕਾਂ ਦੇ ਉਸ ਮਾਪ ਤੇ ਮਿਆਰ ਵਿਚ ਅਜੇ ਕੋਈ ਤਬਦੀਲੀ ਨਹੀਂ ਕੀਤੀ, ਜਿਸ ਨਾਲ ਉਹ ਆਪਣੀ ਅੰਤਰੀਵ ਮੰਜ਼ਿਲ ਦਾ ਜਾਇਜ਼ਾ ਲਾਉਂਦੇ ਹਨ।