*
ਅੰਬਰਾਂ ਉੱਤੇ ਚਮਕਣ ਤਾਰੇ ਐਧਰ ਵੀ ਤੇ ਓਧਰ ਵੀ
ਇਕੋ ਵਰਗੇ ਹੈਣ ਨਜ਼ਾਰੇ ਐਧਰ ਵੀ ਤੇ ਓਧਰ ਵੀ
ਦੋਨਾਂ ਪਾਸੇ ਇਕੋ ਜਿਹੇ ਹਾਲਾਤ ਵਿਚਾਰੇ ਲੋਕਾਂ ਦੇ
ਰੋ-ਰੋ ਮਾੜੇ ਕਰਨ ਗੁਜ਼ਾਰੇ ਐਧਰ ਵੀ ਤੇ ਓਧਰ ਵੀ
ਚੜ੍ਹਦੇ ਲਹਿੰਦੇ ਦੋਵੇਂ ਪਾਸੇ ਅਣਖਾਂ ਸੂਲੀ ਚੜੀਆਂ ਨੇ
ਸੁਫ਼ਨੇ ਹੋਗੇ ਮਿੱਟੀ ਗਾਰੇ ਐਧਰ ਵੀ ਤੇ ਓਧਰ ਵੀ
ਸੱਤਰ ਸਾਲ ਤੋਂ ਅੱਖੀਆਂ ਦੇ ਵਿਚ ਹੰਝੂ ਚੱਕੀ ਫਿਰਦੇ ਆਂ
ਕੋਈ ਨਈਂ ਦੇਂਦਾ ਖ਼ਾਬ ਉਧਾਰੇ ਐਧਰ ਵੀ ਤੇ ਓਧਰ ਵੀ
ਜ਼ਖਮਾਂ ਦੀ ਫ਼ਸਲ ਵੀ ਉਹ ਇਕ ਦਿਨ ਆਪਣੇ ਹੱਥੀਂ ਵੱਢਣਗੇ।
ਨਫ਼ਰਤ ਦੇ ਜਿਸ ਬੀਜ ਖਿਲਾਰੇ ਐਧਰ ਵੀ ਤੇ ਓਧਰ ਵੀ
ਮੌਜਾਂ ਮਾਣਦੇ ਪਏ ਨੇ ‘ਬੁਸ਼ਰਾ ਹਾਕਮ ਦੋਵੇਂ ਪਾਸਿਆਂ ਦੇ
ਖਲਕਤ ਦੇ ਲਈ ਨਿੱਤ ਖਸਾਰੇ ਐਧਰ ਵੀ ਤੇ ਓਧਰ ਵੀ