*
ਗੱਲ ਨੂੰ ਠੱਪਾਂ ਜਾਂ ਭੜਕਾਵਾਂ ਮੇਰੀ ਮਰਜ਼ੀ
ਅੱਗ ਲਾਵਾਂ ਜਾਂ ਮਿੱਟੀ ਪਾਵਾਂ ਮੇਰੀ ਮਰਜ਼ੀ
ਅੰਨ੍ਹੇ ਬੰਦੇ ਕੋਲ਼ੋਂ ਪੁੱਛਾਂ ਸ਼ਹਿਰ ਦਾ ਰਾਹ
ਮੈਂ ਬੋਲ਼ੇ ਨੂੰ ਸ਼ਿਅਰ ਸੁਣਾਵਾਂ ਮੇਰੀ ਮਰਜ਼ੀ
ਓਹਨੇ ਮਿੰਨਤਾਂ ਤਰਲੇ ਪਾ ਪਾ ਮੈਨੂੰ ਸੱਦਿਆ
ਹੁਣ ਮੈਂ ਜਾਵਾਂ ਜਾਂ ਨਾ ਜਾਵਾਂ ਮੇਰੀ ਮਰਜ਼ੀ
ਜੀਹਦੇ ਕੋਲ਼ੋਂ ਧੋਖਾ ਖਾਧਾ ਜਾਣਕੇ ਪਹਿਲਾਂ
ਫੇਰ ਉਸੇ ਤੋਂ ਧੋਖਾ ਖਾਵਾਂ ਮੇਰੀ ਮਰਜ਼ੀ
ਧਾਹਾਂ ਮਾਰਕੇ ਰੋਵਾਂ ਉਹਦੇ ਜਾਣ ਦਾ ਸੁਣਕੇ
ਜਾਂ ਫਿਰ 'ਬੁਸ਼ਰਾ' ਲੁੱਡੀਆਂ ਪਾਵਾਂ ਮੇਰੀ ਮਰਜ਼ੀ