*
ਐਸੇ ਗੱਲੋਂ ਤੇ ਵੀਰਾਨ ਨਈਂ ਹੋ ਸਕਦੀ
ਕੁਝ ਵੀ ਹੋਵਾਂ ਬੇ-ਈਮਾਨ ਨਈਂ ਹੋ ਸਕਦੀ
ਐਸੀਆਂ ਨਜ਼ਰਾਂ ਦੇ ਵਿਚ ਰਹਿਣ ਦਾ ਫੈਦਾ ਕੀ
ਜਿਹੜੇ ਦਿਲ ਦਾ ਮੈਂ ਅਰਮਾਨ ਨਈਂ ਹੋ ਸਕਦੀ
ਇਕ ਦਿਨ ਸੱਚੀਂ ਆਪਣੇ ਆਪ ਨਾਲ਼ ਲੜ ਪਈ ਮੈਂ
ਕੀ ਗੱਲ ਮੈਂ ਧਰਤੀ ਦਾ ਮਾਣ ਨਈਂ ਹੋ ਸਕਦੀ
ਆਪਣੇ ਆਪ 'ਤੇ ਮਾਣ ਹੀ ਮੈਨੂੰ ਏਨਾ ਏਂ
ਓਹਦੇ ਹਿਜਰ 'ਚ ਹੁਣ ਹਲਕਾਨ ਨਈਂ ਹੋ ਸਕਦੀ
ਜਿਹੜਾ ਚਾਹੇ ਓਹਦੀ ਸਮਝੇ ਆ ਜਾਂ ਮੈਂ
ਐਡੀ ਸੌਖੀ ਤੇ ਆਸਾਨ ਨਈਂ ਹੋ ਸਕਦੀ
ਤੇਰੀਆਂ ਗੱਲਾਂ ਉੱਤੇ ਸੱਜਣਾ ਪਹਿਲਾਂ ਮੈਂ
ਹੋ ਸਕਦੀ ਸੀ ਹੁਣ ਕੁਰਬਾਨ ਨਈਂ ਹੋ ਸਕਦੀ
ਧਰਤੀ ਹੋਣਾ ਜੇ ਅਸਮਾਨ ਦੇ ਵੱਸ 'ਚ ਨਈਂ
'ਬੁਸ਼ਰਾ' ਧਰਤੀ ਵੀ ਅਸਮਾਨ ਨਈਂ ਹੋ ਸਕਦੀ