

ਬੀਬੀ - (ਫਤੇ ਬੁਲਾ ਕੇ) ਪਿਆਰੀ ਸੰਗਤ, ਵੀਰੋ ਤੇ ਭੈਣੋ !
ਅਰਜਣ - (ਚੰਨਣ ਨੂੰ ਅਰਕ ਮਾਰ ਕੇ) ਲੈ ਕਰ ਗੱਲ, ਪਈ ਆਹ ਜੂ ਸੁਣਨ ਵਾਲੀ ਤੇ । ਪਰ ਇੱਕ ਗੱਲ ਏਹਨੂੰ ਪੱਗ ਨਹੀਂ ਸੀ ਬੰਨ੍ਹਣੀ ਚਾਹੀਦੀ ।
ਬੀਬੀ - ਪਿਆਰੇ ਵੀਰੋ, ਬੀਬੀਓ ਤੇ ਭੈਣੋ, ਮੇਰੇ ਵੀਰ ਨੇ ਕੋਈ ਗੱਲ ਐਸੀ ਨਹੀਂ ਛੱਡੀ ਜਿਹੜੀ ਕਿ ਮੈਂ ਆਪ ਦੇ ਸਾਹਮਣੇ ਪੇਸ਼ ਕਰ ਸਕਾਂ।
ਇਕ ਬਜ਼ੁਰਗ - (ਖੜਾ ਹੋ ਕੇ, ਗਲ ਵਿੱਚ ਪੱਲਾ ਪਾ ਕੇ ਤੇ ਹੱਥ ਜੋੜ ਕੇ) ਓਂ ਤੇ ਮੈਂ ਬੜਬੋਲਾ ਈ ਆਂ, ਪਰ ਸਾਰੀ ਸਾਧ ਸੰਗਤ, ਮੈਨੂੰ ਏਸ ਗੱਲ ਦੀ ਵੜੀ ਸਾਰੀ ਕਰ ਕੇ ਨਮੋਸ਼ੀ ਆਈ ਆ ਪਈ ਇਹ ਬੀਬੀ ਸਾਡੀਆਂ ਨੌਹਾਂ ਧੀਆਂ ਵਰਗੀ ਹੋ ਕੇ ਸਾਨੂੰ ਸਾਰਿਆਂ ਵੱਡਿਆਂ ਛੋਟਿਆਂ ਨੂੰ ਵੀਰ ਵੀਰ ਈ ਆਖੀ ਤੁਰੀ ਜਾਂਦੀ ਆ।
ਸਟੇਜ ਸੈਕਟਰੀ - (ਛੇਤੀ ਨਾਲ ਉੱਠ ਕੇ) ਭਾਈ ਸਾਹਬ, ਹੇ ਭਾਈ ਸਾਹਬ, ਭਜਨ ਕਰੋ, ਇਹ ਸੰਗਤ ਹੈ ਕੋਈ ਕੋੜਮਾਂ ਨਹੀਂ ਕੱਠਾ ਹੋਇਆ ਹੋਇਆ। ਜੇਕਰ ਨਹੀਂ ਸੁਣ ਸਕਦੇ ਤੇ ਬਾਹਰ ਹੋ ਜਾਉ।
[ਨੇੜੇ ਦੇ ਆਦਮੀ ਉਸ ਨੂੰ ਬਹਾ ਦਿੰਦੇ ਨੇ]
ਬੀਬੀ - ਪਿਆਰੇ ਵੀਰੋ (ਬਜ਼ੁਰਗ ਵੱਲ ਮੂੰਹ ਕਰ ਕੇ ਤੇ ਮੁਸਕਰਾ ਕੇ) ਪਿਤਾ ਜੀਓ ! ਮੈਂ ਦੱਸਣਾ ਤੇ ਕੁਝ ਹੋਰ ਸੀ ਪਰ ਬਾਬੇ ਜੀ ਨੂੰ ਕਿਸੇ ਗੱਲ ਦਾ ਟਪਲਾ ਲੱਗ ਗਿਆ।