

ਸਟੇਜ ਸੈਕਟਰੀ - ਬੋਲੇ ਸੋ ਨਿਹਾਲ।
ਸੰਗਤ - ਸਤਿ ਸ੍ਰੀ ਅਕਾਲ !
[ਇਸੇ ਤਰਾਂ ਥਾਉਂ ਥਾਈਂ ਅਨੇਕਾਂ ਜੈਕਾਰੇ ਛਡਦੇ ਹਨ]
ਅਰਜਨ - (ਬੀਬੀ ਵਲ ਨੀਝ ਲਾ ਕੇ ਵੇਖਦਾ ਹੋਇਆ) ਉਏ ਚੰਨਣਾ, ਉਏ ਮਹਿੰਗਿਆ।
ਚੰਨਣ - ਪਈ ਆਹ ਤੇ ਤਜਬ ਈ ਹੋਈ ਆ। (ਨਾਲਦਿਆਂ ਨੂੰ ਕੰਨ ਵਿਚ ਸਮਝਾਉਂਦਾ ਏ)
ਨਾਜਰ - ਵੇਖ ਡਰਦੀ ਤੇ ਨਹੀਓਂ ਸਾਥੋਂ ।
ਵਸਣ - ਓਨ ਕਿਹੜਾ ਸਾਨੂੰ ਪਛਾਤਾ ਆ ਅਜੇ ।
ਹਰੀਆ - ਪਈ ਮੇਰੀ ਤੇ ਮਰਜੀ ਆ ਕਿ ਹੁਣੇਂ ਈ ਰੱਫੜ ਪਾ ਦੇਈਏ ਤੇ ਦਵਾਨੋਂ ਬਾਹਰ ਈ ਨਾ ਹੋਣ ਦੇਈਏ ।
ਚੰਣਨ - ਕਿਉਂ ਸੰਤਿਆ ?
ਸੰਤਾ - ਪੁੱਛ ਲਾ ਪ੍ਰੀਤੂ ਕੋਲੋਂ ।
ਨੱਥੂ - ਤੇ ਤੂੰ ਆਪ ਈ ਦੱਸ ਦੇ।
ਈਸ਼ਰ - ਧਰਮ ਨਾਲ ਕਿੱਡੀ ਮੋਟੀ ਹੋ ਗਈ ਆ, ਮੈਂ ਤੇ ਪਛਾਤੀ ਨਹੀਂ । ਲੀੜਾ ਵੀ ਅਜੇ ਤਾਈਂ ਓਸੇ ਈ ਰੰਗ ਦਾ ਆ ਤੇਰੀ ਮੇਰੀ ਮਰਜੀ ਦਾ।
ਚੰਨਣ - ਉਏ ਦਸਦੇ ਨਹੀਂਗੇ ਫੇਰ, ਉਹ ਤੇ ਬਹਿ ਵੀ ਚੱਲੀ ਜੇ ।
[ਸਟੇਜ ਸੈਕਟਰੀ ਬੀਬੀ ਦੇ ਗਲ ਵਿਚ ਸੇਹਰਾ ਪਾ ਦਿੰਦਾ ਏ ਤੇ ਬੀਬੀ ਜੈਕਾਰਿਆਂ ਦੀ ਗੂੰਜ ਵਿਚ ਬੈਠ ਜਾਂਦੀ ਏ]