

ਨਿੱਤਰੀ-ਨਜ਼ਰ
ਤੇਰਾ ਸਾਥ ਵੇ ਠੰਢਿਆਂ ਬੁੱਲਿਆਂ ਦਾ
ਤੇਰੀ ਛੋਹ ਵੇ ਫੁੱਲਾਂ ਦੀ ਚੁੱਪ ਵਰਗੀ
ਤੇਰੀਆਂ ਬਾਤਾਂ ਦੀ ਛਾਂ ਨੇ ਸੁਖ਼ਨਵਰਾ
ਜਿੰਦ ਕੀਲਤੀ ਹਾੜ ਦੀ ਧੁੱਪ ਵਰਗੀ
ਤੇਰੇ ਮੱਥੇ ਨੂੰ ਇਲਮ ਇਬਾਰਤਾਂ ਦਾ
ਅੱਖਾਂ ਮਸਤ ਵੇ ਮਸਤ ਫ਼ਕੀਰ ਜਿਹੀਆਂ
ਧਰੇਂ ਧਿਆਨ ਖੌਰੇ ਕਿਸ ਮੁੱਖੜੇ ਦਾ
ਜੋੜੇਂ ਤਰਜ਼ਾਂ, ਵਾਰਿਸ ਦੀ ਹੀਰ ਜਿਹੀਆਂ
ਤੇਰੀ ਵੰਝਲੀ 'ਚੋਂ ਉੱਠੀ ਹੂਕ ਜਿਹੜੀ
ਬਣੀਂ ਮੰਤਰ ਓਹੀ, ਓਹੀਓ ਨਾਦ ਹੋਈ
ਤੇਰੇ ਪੈਰਾਂ ਨੂੰ ਛੂਹ ਕੇ ਰਾਂਝਿਆ ਵੇ
ਖ਼ਾਕ, ਖੀਰਾਂ ਤੋਂ ਕਿਤੇ ਸਵਾਦ ਹੋਈ
ਬੰਨ੍ਹੀਂ ਖ਼ਿਆਲ ਦੀ ਕੰਨੀ 'ਨਾ ਝਲਕ ਤੇਰੀ
ਵੱਡੀ ਹੋ ਗਈ ਵੇ, ਪੂਰੀ ਯਾਦ ਬਣਗੀ
ਭੋਰਾ ਖ਼ਬਰ ਹੋਈ ਨਾ ਜਾਦੂਗਰਾ
ਆਕੜ ਸਾਡੀ ਕਦੋਂ, ਫਰਿਆਦ ਬਣਗੀ