ਉਹ ਕੀਹਨੇ ਬੰਦ ਕਰ ਦਿੱਤੇ ਤੈਨੂੰ ਭੁਲੇਖਾ ਲੱਗਿਆ ਹੋਣਾ", ਬੀਬੀ ਦ੍ਰਿੜ ਭਰੋਸੇ ਵਿਚੋਂ ਬੋਲੀ।
"ਡਾਹਢਿਆਂ ਅੱਗੇ ਕਾਹਦਾ ਜ਼ੋਰ ਬੀਬੀ। ਜੋ ਵੀ ਹਰਿਮੰਦਰ ਸਾਹਿਬ ਵੱਲ ਜਾਏਗਾ, ਹਕੂਮਤ ਦਾ ਬਾਗੀ ਸਮਝਿਆ ਜਾਏਗਾ।", ਦੀਵਾਨ ਕੌੜਾ ਮੱਲ ਬੀਬੀ ਨੂੰ ਵਰਜਦਿਆਂ ਬੋਲਿਆ।
"ਜੋ ਹਰਿਮੰਦਰ ਵੱਲ ਨਾ ਜਾਏਗਾ, ਉਹ ਗੁਰੂ ਤੋਂ ਬਾਗੀ ਹੈ ਵੀਰਾ ਗੁਰੂ ਵੱਲੋਂ ਬੇਮੁਖ ਹੋਣ ਨਾਲੋਂ ਮੈਂ ਹਕੂਮਤ ਦਾ ਬਾਗੀ ਅਖਵਾਉਣਾ ਪਸੰਦ ਕਰਾਂਗੀ.
"ਆਪਣਾ ਨਹੀਂ ਤਾਂ ਆਪਣੇ ਨਿੱਕੜੇ ਬਾਲ ਦਾ ਤਾਂ ਫਿਕਰ ਕਰ...", ਕੌੜਾ ਮੱਲ ਨੇ ਮਮਤਾ ਵਾਲਾ ਦਾਅ ਚੱਲ ਕੇ ਦੇਖਿਆ।
"ਚੱਲ ਵੀਰਾ ਮਾਰ ਹੀ ਦੇਣਗੇ। ਏਦੂ ਵੱਧ ਕੀ ਕਰ ਸਕਦੇ ਨੇ, ਜੇ ਸਾਡੀ ਰੱਤ ਦੀ ਇਕ ਬੂੰਦ ਵੀ ਅੰਮ੍ਰਿਤ ਸਰੋਵਰ ਵਿਚ ਜਾ ਪਵੇ ਤਾਂ ਸਾਡੇ ਧੰਨ ਭਾਗ"
"ਲੱਗਦੈ ਪਿਆਰਾ ਨਹੀਂ ਤੈਨੂੰ ਆਪਣਾ ਬਾਲ... ?"
"ਬਹੁਤ ਪਿਆਰਾ ਵੀਰ.. ਤਾਹੀਂ ਨਾਲ ਲੈ ਕੇ ਚੱਲੀ ਹਾਂ। ਜਦ ਪਹਿਲੀ ਗੋਲੀ ਆਈ ਤਾਂ ਏਹਨੂੰ ਅੱਗੇ ਕਰਾਂਗੀ। ਹਰਿਮੰਦਰ ਦੇ ਦਰਸ਼ਨਾ ਨੂੰ ਜਾਂਦਿਆਂ, ਏਹਦੇ ਗੋਲੀ ਵੱਜ ਜਾਵੇ, ਹੋਰ ਇਸ ਜਨਮ ਵਿਚ ਕੀ ਚਾਹੀਦਾ ਹੈ ਏਹਨੂੰ। ਸਾਡਾ ਮੱਥਾ ਤਾਂ ਗੁਰੂ ਦਰ 'ਤੇ ਪ੍ਰਵਾਨ ਹੋ ਜਾਵੇਗਾ।"
“ਕੀ ਮਾਰੇਗਾ ਮੀਰ ਮੰਨੂ ਏਹਨਾਂ ਨੂੰ ਕੋਈ ਵੀ ਕਿਵੇਂ ਮਾਰੇਗਾ ਇਹਨਾਂ ਨੂੰ...", ਕੌੜਾ ਮੱਲ ਐਤਕੀਂ ਮੂੰਹ ਵਿਚ ਬੋਲਿਆ।
“ਮੇਰੀ ਇਕ ਬੇਨਤੀ ਪ੍ਰਵਾਨ ਕਰੇਂਗਾ ਵੀਰ ?". ਬੀਬੀ ਨੇ ਮੋਮ ਹੋ ਰਹੇ ਕੌੜਾ ਮੱਲ ਨੂੰ ਕਿਹਾ।
" ਹਾਂ ਬੀਬੀ... ਕਹਿ..”
"ਤੂੰ ਮੈਨੂੰ ਦੱਸ ਸਕਦਾਂ ਕਿ ਅਸੀਂ ਕਿਹੜੇ ਪਾਸਿਓ ਹਰਿਮੰਦਰ ਸਾਹਿਬ ਦੇ ਏਨਾ ਕੁ ਨੇੜੇ ਜਾ ਸਕਦੇ ਆਂ.. ਕਿ ਗੋਲੀ ਵੱਜ ਜਾਵੇ ਤਾਂ ਸਾਡਾ ਲਹੂ ਪਰਕਰਮਾ ਤੱਕ ਪਹੁੰਚ ਜਾਵੇ ਕੌੜਾ ਮੱਲ ਤਾਂ ਪਤਾ ਨਹੀਂ ਕੁਝ ਬੋਲਿਆ ਕਿ ਨਹੀਂ ਪਰ ਬੀਬੀ ਸ਼ਬਦ ਗਾਉਂਦੀ ਅੱਗੇ ਤੁਰ ਪਈ,
"ਮੇਰਾ ਮਨੁ ਲੋਚੈ ਗੁਰ ਦਰਸਨ ਤਾਈ॥
ਬਿਲਪ ਕਰੇ ਚਾਤ੍ਰਿਕ ਕੀ ਨਿਆਈ॥
ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ॥"