

ਅਬਦਾਲੀ ਤਾਂ ਪਹਿਲਾਂ ਹੀ ਪੰਜਾਬ ਕੂਚ ਦਾ ਹੁਕਮ ਅਫਗਾਨੀ ਫੌਜਾਂ ਨੂੰ ਚਾੜ੍ਹ ਚੁੱਕਾ ਸੀ। ਮਰਾਠਿਆਂ, ਮੁਗਲਾਂ, ਰਾਜਪੂਤਾਂ ਤੇ ਜਾਟਾਂ ਨੂੰ ਦਰੜ ਕੇ ਹੁਣ ਅਬਦਾਲੀ ਨੇ ਆਪਣਾ ਸਾਰਾ ਧਿਆਨ ਸਿਖਾਂ ਵੱਲ ਕੀਤਾ। ਪਾਨੀਪਤ, ਮਥੁਰਾ, ਕੋਇਲਗੜ੍ਹ, ਜੀਹਨੂੰ ਹੁਣ ਅਲੀਗੜ੍ਹ ਦੇ ਨਾਮ ਨਾਲ ਵੀ ਜਾਣਦੇ ਹਨ, ਨਿਵਾ ਕੇ ਗਿਲਜਿਆਂ ਨੇ ਐਤਕੀਂ ਅੰਮ੍ਰਿਤਸਰ ਸਾਹਿਬ ਆ ਡੇਰਾ ਲਾਉਣਾ ਸੀ। ਅਬਦਾਲੀ ਇਸ ਵਾਰ ਸਿਖਾਂ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਣ ਦੀ ਨੀਤ ਨਾਲ ਪੰਜਾਬ ਆਇਆ ਸੀ।
ਹੁਣ ਅਬਦਾਲੀ ਨੂੰ ਕੌਣ ਦੱਸੇ ਕਿ ਖਾਲਸਾ ਕੋਈ ਬਰਸਾਤੀ ਨਾਲਿਆਂ ਦਾ ਪਾਣੀ ਨਹੀਂ, ਜੋ ਬਰਸਾਤਾਂ ਦਾ ਮੌਸਮ ਫਿਰ ਜਾਣ 'ਤੇ ਮੁੱਕ ਜਾਏਗਾ। ਖਾਲਸਾ ਤਾਂ ਸੁੰਮੇਵਾਣੀ ਨਦੀ ਹੈ, ਜਿਹੜੀ ਪਹਾੜਾਂ ਵਿਚੋਂ ਨਿਕਲਦੇ ਅਮੁੱਕ ਸੋਮੇਂ ਤੋਂ ਆ ਰਹੀ ਹੈ ਤੇ ਏਸ ਸੋਮੇਂ ਦੇ ਸੁਆਮੀਂ ਸ੍ਰੀ ਕਲਗੀਧਰ ਪਿਤਾ ਜੀ ਆਪ ਹਨ। ਸਤਿਗੁਰਾਂ ਨੇ ਖਾਲਸੇ ਵਿਚ ਐਸੀਆਂ ਬਰਕਤਾਂ ਪਾਈਆਂ ਹਨ ਕਿ ਬਿਖੜੇ ਪੈਂਡਿਆਂ ਵਿਚ ਸਗੋਂ ਇਹ ਹੋਰ ਵਧਦਾ ਜਾਂਦਾ ਹੈ।
... ਤੇ ਖਾਲਸੇ ਦੇ ਦੁਸ਼ਮਨ, ਜੋ ਇਸ ਨੂੰ ਵੇਖ ਨਹੀਂ ਸੁਖਾਂਦੇ, ਥੋਹਰ ਦੀ ਨਿਆਈਂ ਹਨ। ਥੋਹਰ ਜਿਉਂ ਜਿਉਂ ਵੱਡੀ ਹੁੰਦੀ ਹੈ, ਉਸ ਨੂੰ ਚਿੱਟਾ ਕੋਹੜ ਪੈ ਜਾਂਦਾ ਹੈ ਤੇ ਉਹ ਆਪੇ ਗਲ ਸੜ ਕੇ ਖਤਮ ਹੋ ਜਾਂਦੀ ਹੈ। ਹੁਣ ਸੁੰਮੇਵਾਣੀ ਨਦੀ ਤੇ ਥੋਹਰ ਦਾ ਕੀ ਮੇਲ।
ਪਰ ਅਬਦਾਲੀ ਤਾਂ ਸਿਖਾਂ ਨੂੰ ਖਤਮ ਕਰ ਦੇਣ ਦੀ ਜਿੱਦ ਕਰੀ ਬੈਠਾ ਸੀ। ਸੋ ਉਸ ਨੇ ਆਪਣੇ ਕਾਫਲੇ ਦਾ ਉਤਾਰਾ ਅੰਮ੍ਰਿਤਸਰ ਕਰਨਾ ਸੀ। ਲਗਭਗ ਸਾਰੇ ਹਿੰਦੋਸਤਾਨ ਦੀਆਂ ਗੋਡਣੀਆਂ ਲਵਾ ਕੇ ਹੁਣ ਅਬਦਾਲੀ ਕੁਝ ਹੰਕਾਰ ਵਿਚ ਵੀ ਆ ਗਿਆ ਸੀ। ਕਾਬਲ ਤੀਕ ਉਸ ਦੀ ਜੈ ਜੈ ਕਾਰ ਹੋ ਰਹੀ ਸੀ। ਹਿੰਦੋਸਤਾਨ ਜਹੀ ਤਾਕਤ ਨੂੰ ਨਿਵਾ ਕੇ ਹੁਣ ਜਦ ਉਹ ਆਪਣੇ ਦੇਸ ਪਰਤਦਾ ਸੀ ਤਾਂ ਅੱਜ ਤੱਕ ਦੇ ਵੱਡੇ ਅਫਗਾਨ ਯੋਧਿਆਂ ਵਿਚ ਉਸ ਦਾ ਨਾਮ ਸ਼ੁਮਾਰ ਕੀਤਾ ਜਾਂਦਾ ਸੀ। ਹਿੰਦੋਸਤਾਨ ਦੇ ਮੁਗਲਾਂ ਨੇ ਤਾਂ ਉਸ ਨਾਲ ਸੰਧੀਆਂ ਹੀ ਕਰ ਲਈਆਂ ਸਨ, ਵੱਡੀ ਤਾਕਤ ਮਰਾਠੇ ਉਸ ਨੇ ਬੁਰੀ ਤਰ੍ਹਾਂ ਦਰੜ ਸੁੱਟੇ ਸਨ ਤੇ ਹੁਣ ਬਚਦੇ ਜਾਟ ਵੀ ਉਸਦੇ ਘੋੜਿਆਂ ਦਿਆਂ ਸਮਾਂ ਅੱਗੇ ਸਿਰ ਨਿਵਾ ਗਏ ਸਨ। ਇਕ ਅਜੇਤੂ ਜਰਨੈਲ ਵਾਂਗ ਉਸ ਨੇ ਆਪਣੇ ਵਤਨ ਪਰਤਨਾ ਸੀ।
ਪਰ ਇਹ ਤਾਂ ਉਹ ਭੁੱਲ ਹੀ ਗਿਆ ਸੀ ਕਿ ਉਸ ਦੀ ਵਾਪਸੀ ਦੇ ਰਸਤੇ ਵਿਚ ਹਰ ਵਾਰ ਪੰਜਾਬ ਪੈਂਦਾ ਸੀ।