

ਵਾਰ ਕਰਦੇ ਕਰਦੇ ਤੇ ਗਿਲਜਿਆਂ ਦੀਆਂ ਢਾਲ੍ਹਾਂ 'ਤੇ ਵੱਜਦੀ ਰਹਿਣ ਕਰਕੇ ਇਕ ਤਾਂ ਤੇਗ ਖੁੰਢੀ ਹੋ ਗਈ ਸੀ ਤੇ ਦੂਜਾ ਸਰਦਾਰ ਦਾ ਹੱਥ ਵੀ ਥੱਕ ਗਿਆ ਸੀ। ਸਰਦਾਰ ਨੇ ਹੁਣ ਹੱਥ ਨੇਜ਼ਾ ਫੜ੍ਹ ਲਿਆ। ਕਈ ਪਠਾਨਾ ਨੂੰ ਪਰੋ ਦੇਣ ਮਗਰੋਂ ਨੇਜ਼ੇ ਦੀ ਫਾਲ ਵੀ ਟੁੱਟ ਗਈ। ਸਰਦਾਰ ਨੇ ਰਾਮਜੰਗਾ ਕੱਢਿਆ। ਹੁਣ ਗੁਰ ਸਰਦਾਰ ਦੇ ਸਰੀਰ ਤੇ ਕਈ ਫੱਟ ਲੱਗ ਗਏ ਸਨ। ਸਰੀਰ ਵਿਚੋਂ ਲਹੂ ਲਗਾਤਾਰ ਵਹਿ ਰਿਹਾ ਸੀ। ਸਰਦਾਰ ਨੇ ਰਾਮਜੱਗੇ ਨਾਲ ਪਠਾਨ ਫੁੰਡਨੇ ਸ਼ੁਰੂ ਕੀਤੇ।
ਹਾਲਾਤ ਜੰਗ ਦੇ ਮੈਦਾਨ ਦੇ ਇਹ ਹੋ ਗਏ ਸਨ ਕਿ ਜਿਧਰ ਵੀ ਦੇਖਦੇ ਸੀ ਚੜ੍ਹਤ ਸਿੰਘ ਉਸੇ ਪਾਸੇ ਨਜ਼ਰ ਆਉਂਦਾ ਸੀ। ਹੁਣੇ ਏਥੇ ਲੜ੍ਹ ਰਿਹਾ ਸੀ ਤਾਂ ਅਗਲੇ ਪਲ ਕਿਤੇ ਹੋਰ ਪਠਾਨਾ ਦੇ ਡੱਕਰੇ ਕਰ ਰਿਹਾ ਸੀ। ਪਤਾ ਲੱਗਾ ਕਿ ਘੇਰੇ ਵਾਲੀ ਕਤਾਰ ਕਮਜ਼ੋਰ ਪੈ ਰਹੀ ਹੈ ਤਾਂ ਭੱਜ ਕੇ ਓਧਰ ਚਲਾ ਗਿਆ। ਵਹੀਰ ਦੇ ਇਕ ਵੀ ਫੱਟ ਲੱਗਣ ਤੋਂ ਪਹਿਲਾਂ ਉਹ ਆਪਣੇ ਲਹੂ ਦਾ ਆਖਰੀ ਕਤਰਾ ਵੀ ਵਹਾ ਦੇਣਾ ਚਾਹੁੰਦਾ ਸੀ। ਚੜ੍ਹਤ ਸਿੰਘ ਦਾ ਘੋੜਾ ਜੰਗ ਦੇ ਮੈਦਾਨ ਵਿਚ ਇਸ ਤਰ੍ਹਾਂ ਭੱਜਿਆ ਫਿਰਦਾ ਸੀ ਜਿਵੇਂ ਗੰਗੋਰੀ ਪਾਣੀ ਉੱਤੇ ਘੁੰਮਦੀ ਫਿਰਦੀ ਹੈ ਤੇ ਅੱਖ ਦੇ ਫੋਰ ਵਿਚ ਹੀ ਰਾਹ ਬਦਲ ਕੇ ਦੂਜੇ ਪਾਸੇ ਘੁੰਮ ਜਾਂਦੀ ਹੈ।
ਅਬਦਾਲੀ ਤਾਂ ਹਾਥੀ 'ਤੇ ਕਿਤੇ ਨਜ਼ਰ ਨਹੀਂ ਆ ਰਿਹਾ ਸੀ। ਅਬਦਾਲੀ ਨੂੰ ਲੱਭਦਾ ਲੱਭਦਾ ਸਰਦਾਰ ਮੁੜ ਅਫਗਾਨਾਂ ਦੇ ਘੇਰੇ ਵਿਚ ਆ ਗਿਆ। ਇਕ ਤਾਂ ਧੂਤ ਦਾ ਗੁਬਾਰ ਤੇ ਦੂਜਾ ਅਫਗਾਨ ਫੌਜਾਂ ਦੀ ਏਨੀ ਗਿਣਤੀ ਕਿ ਅਬਦਾਲੀ ਦਾ ਕਿਤੋਂ ਪਤਾ ਨਹੀਂ ਲੱਗ ਰਿਹਾ ਸੀ। ਪਠਾਨ ਤਾਂ ਸਰਦਾਰ ਦੇ ਰਾਮਜੰਗ ਤੋਂ ਬਚਦੇ ਫਿਰ ਰਹੇ ਸਨ। ਸਰਦਾਰ ਬਾਰੇ ਮਸ਼ਹੂਰ ਸੀ ਕਿ ਉਹ ਏਡਾ ਤਕੜਾ ਨਿਸ਼ਾਨਚੀ ਸੀ ਕਿ ਸਾਰਾ ਦਲ ਇਕ ਪਾਸੇ ਤੇ ਇਕੱਲਾ ਚੜ੍ਹਤ ਸਿੰਘ ਇਕ ਪਾਸੇ। ਦੁਨੀਆਂ ਵਿਚ ਸਿਰਫ ਢਾਈ ਬੰਦੂਕਚੀ ਮੰਨੇ ਜਾ ਸਕਦੇ ਸਨ।
ਇਕ ਸਰਦਾਰ ਚੜ੍ਹਤ ਸਿੰਘ।
ਦੂਜਾ ਸਾਰਾ ਪੰਥ।
ਤੇ ਬਾਕੀ ਅੱਧਾ ਦੁਨੀਆਂ ਦੇ ਸਭ ਨਿਸ਼ਾਨੇਬਾਜ਼।
ਸਾਰੇ ਬ੍ਰਹਿਮੰਡ ਦੇ ਨਿਸ਼ਾਨਚੀਆਂ ਦਾ ਸਰਦਾਰ ਸੀ ਚੜ੍ਹਤ ਸਿੰਘ। ਹਾਂ ਉਸ ਦੇ ਨਿਸ਼ਾਨੇ ਮੱਛੀਆਂ ਦੀ ਅੱਖ ਫੁੰਡਣ ਨੂੰ ਨਹੀਂ, ਸਗੋਂ ਮਗਰਮੱਛਾਂ ਦੇ ਮੱਥੇ ਪਾੜਣ ਵਾਲੇ ਸਨ। ਉਸ ਨੇ ਕਿਹੜਾ ਸਵੰਬਰਾਂ ਵਿਚ ਜਾ ਕੇ ਨਿਸ਼ਾਨੇ ਲਾਉਣੇ ਸਨ, ਜਾਂ ਆਪਣੀ ਸਲਤਨਤ ਬਚਾਉਣ ਲਈ ਆਪਣਿਆਂ ਨਾਲ ਲੜ੍ਹਣਾ ਸੀ,