

* ਤੇ ਫੇਰ ਕੁਝ ਦੇਰ ਮਗਰੋਂ ਢੇਰ ਹੋ ਚੁੱਕੇ ਹਰਿਮੰਦਰ ਦੇ ਮਲਬੇ 'ਚੋਂ ਦੀਵਿਆਂ ਦੀਆਂ ਲਾਟਾਂ ਨਿਕਲਣ ਲੱਗਦੀਆਂ ਹਨ। ਉਹ ਲਾਟਾਂ ਹੌਲੀ ਹੌਲੀ ਮੇਰੇ ਵੱਲ ਆਉਂਦੀਆਂ ਹਨ। ਮੇਰੇ ਕੋਲ ਆਉਂਦਿਆਂ ਉਹ ਸਿੰਘਾਂ ਦਾ ਰੂਪ ਲੈ ਲੈਂਦੀਆਂ ਹਨ। ਲਾਟਾਂ ਸਿੰਘ ਬਣ ਜਾਂਦੀਆਂ ਨੇ ਸ਼ਾਹ ਵਲੀ ਰੋਸ਼ਨੀਆਂ ਛੱਡ ਰਹੇ ਸਿੰਘ... ਸੋਗ ਵਿਚ ਬੈਠੇ ਸਿੰਘ ਵੀ ਉੱਠ ਖਲੋਂਦੇ ਹਨ ਤੇ ਜੋ ਪਹਿਲਾਂ ਨਹੀਂ ਉੱਠੇ ਸਨ, ਉਹਨਾਂ ਵਿਚ ਵੀ ਜਾਨ ਆ ਜਾਂਦੀ ਹੈ। ਸਭ ਮੇਰੇ ਕਰੀਬ ਆਉਣ ਲੱਗਦੇ ਹਨ ਤੇ ਮੈਂ ਪੂਰਾ ਜ਼ੋਰ ਲਾ ਕੇ ਭੱਜਦਾ ਹਾਂ। ਬਹੁਤ ਤੇਜ਼ੀ ਨਾਲ ਭੱਜਣ ਮਗਰੋਂ ਵੀ ਮੈਂ ਉਹਨਾਂ ਤੋਂ ਜਿਆਦਾ ਦੂਰ ਨਹੀਂ ਜਾ ਸਕਦਾ। ਦੀਵਿਆਂ ਦੀਆਂ ਲਾਟਾਂ ਹਵਾ ਵਿਚ ਹੀ ਮੇਰਾ ਪਿੱਛਾ ਕਰ ਰਹੀਆਂ ਹਨ। ਮੈਂ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਕੁਝ ਲਾਸ਼ਾਂ ਕੱਟੇ ਹੋਏ ਸਿਰਾਂ ਨੂੰ ਤਲੀਆਂ 'ਤੇ ਟਿਕਾਈ ਮੇਰੇ ਮਗਰ ਆ ਰਹੀਆਂ ਹਨ.. ਜਹਾਨ ਖਾਂ ਠੀਕ ਕਹਿੰਦਾ ਸੀ ਸ਼ਾਹ ਵਲੀ ਠੀਕ ਕਹਿੰਦਾ ਸੀ ਉਹ ਕਿ ਇਹ ਬਿਨਾ ਸਿਰ ਤੋਂ ਵੀ ਲੜ੍ਹ ਲੈਂਦੇ ਹਨ ਦੂਰੋਂ ਉੱਡਦੀਆਂ ਹੋਈਆਂ ਇੱਟਾਂ ਮੇਰੇ ਨੱਕ ਦੀ ਸੱਟ ਵਾਲੀ ਥਾਂ ਵੱਜਦੀਆਂ ਹਨ। ਸਿੰਘ ਕਦੇ ਸਰੀਰਾਂ ਵਿਚ ਆ ਜਾਂਦੇ ਹਨ ਤੇ ਕਦੇ ਦੀਵਿਆਂ ਦੀਆਂ ਲਾਟਾਂ ਬਣ ਜਾਂਦੇ ਹਨ। ਅਸਮਾਨ ਦੇ ਤਾਰੇ ਵੀ ਉਹਨਾਂ ਨਾਲ ਮਿਲ ਜਾਂਦੇ ਹਨ। ਜਾਪਦਾ ਹੈ ਜਿਵੇਂ ਸਾਰੀ ਕਾਇਨਾਤ ਮੇਰੀ ਦੁਸ਼ਮਨ ਹੋ ਗਈ ਹੋਵੇ ਤੇ ਫੇਰ ਤੀਰਾਂ, ਬਰਛਿਆਂ, ਨੇਜ਼ਿਆਂ ਦੀ ਇਕ ਬੌਛਾਰ ਮੇਰੇ ਵੱਲ ਆਉਂਦੀ ਹੈ ਤੇ ਮੇਰੀ ਅੱਖ ਖੁੱਲ ਜਾਂਦੀ ਹੈ ". ਹਫਦਾ ਹੋਇਆ ਅਬਦਾਲੀ ਗੱਲ ਪੂਰੀ ਕਰਦਾ ਹੈ। ਮੁੜਕਾ ਉਸ ਦੇ ਸਾਰੇ ਸਰੀਰ ਵਿਚੋਂ ਚੋ ਰਿਹਾ ਹੈ। ਸਾਹੋ ਸਾਹ ਹੋਏ ਅਬਦਾਲੀ ਨੂੰ ਸ਼ਾਹ ਵਲੀ ਪਾਣੀ ਫੜਾਉਂਦਾ ਹੈ। ਚਿਹਰਿਆਂ ਤੋਂ ਮੌਲਵੀ ਤੇ ਸ਼ਾਹ ਵਲੀ ਵੀ ਡਰੇ ਹੋਏ ਜਾਪ ਰਹੇ ਹਨ। ਪਰ ਉਹਨਾਂ ਕੋਲ ਵੀ ਸ਼ਾਹ ਦੀ ਇਸ ਮਰਜ਼ ਦਾ ਕੋਈ ਇਲਾਜ ਨਹੀਂ...।
ਕੁਝ ਚਿਰ ਬੈਠੇ ਰਹਿਣ ਮਗਰੋਂ ਉਹ ਦੋਵੇਂ ਸ਼ਾਹ ਤੋਂ ਆਗਿਆ ਲੈ ਕੇ ਤੰਬੂ ਤੋਂ ਬਾਹਰ ਆ ਜਾਂਦੇ ਹਨ।
"ਮੈਂ ਕਿਹਾ ਸੀ ਸ਼ਾਹ ਨੂੰ ਕਿ ਹਰਿਮੰਦਰ ਨੂੰ ਨਾ ਢਾਵੇ. ਇਕ ਸੂਫੀ ਨੇ ਵੀ ਸ਼ਾਹ ਨੂੰ ਬਹੁਤ ਪਹਿਲਾਂ ਵਰਜਿਆ ਸੀ ਕਿ ਕਿਸੇ ਦੇ ਵੀ ਮੁਕੱਦਸ ਸਥਾਨ ਨੂੰ ਨੁਕਸਾਨ ਨਾ ਪੁਚਾਈਂ। ਬਹੁਤ ਰੋਕਿਆ ਸੀ ਮੈਂ ਪਰ ਨਜ਼ੀਬ ਖਾਂ ਵਰਗਿਆਂ ਨੇ ਸ਼ਾਹ ਨੂੰ ਉਕਸਾਇਆ ਤੇ ਲਾਹੌਰ ਦੇ ਕਾਜ਼ੀਆਂ ਨੇ ਸ਼ਹਿ ਦਿੱਤੀ...", ਸ਼ਾਹ ਵਲੀ ਬਾਹਰ ਆ ਕੇ ਮੌਲਵੀ ਨੂੰ ਦੱਸਣ ਲੱਗਾ।